ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਜਲੰਧਰ, 14 ਜੁਲਾਈ
ਕਮਿਸ਼ਨਰੇਟ ਪੁਲੀਸ ਜਲੰਧਰ ਦੇ ਭਾਰਗੋ ਕੈਂਪ ਥਾਣਾ ਦੀ ਪੁਲੀਸ ਨੇ
ਡੀਸੀਪੀ ਇਨਵੈਸਟੀਗੇਸ਼ਨ ਮਨਪ੍ਰੀਤ ਸਿੰਘ ਢਿੱਲੋਂ, ਏਡੀਸੀਪੀ-2 ਸਿਟੀ ਹਰਿੰਦਰ ਸਿੰਘ ਗਿੱਲ, ਏਸੀਪੀ ਵੈਸਟ ਸਰਵਣਜੀਤ ਸਿੰਘ ਅਤੇ ਐਸਐਚਓ ਭਾਰਗੋ ਕੈਂਪ ਸੁਖਜੀਤ ਸਿੰਘ ਦੀ ਦੇਖਰੇਖ ਹੇਠ ਕਤਲ ਮਾਮਲੇ ਨੂੰ ਕੁੱਝ ਘੰਟਿਆਂ ਦੇ ਅੰਦਰ ਹੀ ਸੁਲਝਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪੁਲੀਸ ਨੇ ਮਾਮਲੇ ਵਿੱਚ ਲੁੜੀਂਦੇ ਦੋ ਮੁੱਖ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਵਿਪਨ ਕੁਮਾਰ ਪੁੱਤਰ ਚਰਨ ਦਾਸ ਵਾਸੀ ਮਕਾਨ ਨੰਬਰ 625, ਨਜ਼ਦੀਕ ਸਿਵਲ ਡਿਸਪੈਂਸਰੀ, ਟਾਹਲੀ ਵਾਲਾ ਚੌਂਕ, ਭਾਰਗੋ ਕੈਂਪ ਦੀ ਸ਼ਿਕਾਇਤ ‘ਤੇ
ਥਾਣਾ ਭਾਰਗੋ ਕੈਂਪ ਵਿਖੇ ਕੇਸ ਦਰਜ਼ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਵਿਪਨ ਕੁਮਾਰ ਦਾ ਲੜਕਾ ਵਰੁਣ, ਉਸਦੇ ਭਤੀਜਿਆਂ ਲੋਕੇਸ਼ ਅਤੇ ਵਿਸ਼ਾਲ ਦੇ ਨਾਲ ਮਹਿੰਗਾ ਡੀਪੂ ਵਾਲੀ ਗਲੀ ਵਿੱਚੋਂ ਦੀ ਲੰਘ ਰਿਹਾ ਸੀ। ਇਸ ਮੌਕੇ ਕੁਝ ਅਣਪਛਾਤੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਵਿਪਨ ਅਤੇ ਮੌਕੇ ‘ਤੇ ਮੌਜੂਦ ਉਸਦੇ ਜੀਜਾ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ‘ਤੇ ਵੀ ਹਮਲਾ ਕਰ ਦਿੱਤਾ ਗਿਆ।
ਹਮਲੇ ਵਿਚ ਗੰਭੀਰ ਜ਼ਖਮੀ ਵਰੁਣ ਨੂੰ ਤੁਰੰਤ ਸ੍ਰੀ ਰਾਮ ਨਿਊਰੋ ਸੈਂਟਰ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਪੁਲੀਸ ਨੇ ਤੁਰੰਤ ਕਾਰਵਾਈ ਕਰਦਿਆਂ ਜਾਂਚ ਕਰਕੇ ਤਿੰਨ ਮੁਲਜ਼ਮਾਂ ਧਰੁਵ ਕੁਮਾਰ ਵਾਸੀ 131/01 ਚੋਪੜਾ ਸਾਉਂਡ ਕੋਲ, ਭਾਰਗੋ ਕੈਂਪ ਸੁਨੀਲ ਕੁਮਾਰ ਉਰਫ ਭਿੰਡੀ , ਵਾਸੀ ਨੇੜੇ ਗਿਆਨ ਗਿਰੀ ਮੰਦਿਰ ਚਪਾਲੀ ਚੌਂਕ ਭਾਰਗੋ ਕੈਂਪ ਅਤੇ ਸੋਨੂੰ ਪੰਡਿਤ ਵਾਸੀ ਭਾਰਗੋ ਕੈਂਪ ਦੀ ਪਛਾਣ ਕਰਕੇ ਕੇਸ ਦਰਜ਼ ਕਰ ਲਿਆ ਸੀ।
ਇਨ੍ਹਾਂ ਵਿਚੋਂ ਧਰੁਵ ਕੁਮਾਰ ਅਤੇ ਸੁਨੀਲ ਕੁਮਾਰ ਨੂੰ ਤੇਜ਼ਧਾਰ ਹਥਿਆਰਾਂ ਸਮੇਤ ਕਾਬੂ ਕਰ ਲਿਆ ਗਿਆ ਹੈ। ਜਦਕਿ ਤੀਜੇ ਮੁਲਜ਼ਮ ਦੀ ਭਾਲ ਪੁਲੀਸ ਵੱਲੋਂ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲੇ ਵਿਚ ਸ਼ਾਮਲ
ਬਾਕੀ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।










