Share & like

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਾਮਲਾ ਤਿੰਨ ਦਿਨਾਂ ‘ਚ ਸੁਲਝਾਉਣ ਦਾ ਭਰੋਸਾ ਮਿਲਣ ‘ਤੇ ਚੁੱਕਿਆ

ਗੁਰਦਾਸਪੁਰ, 14 ਜੁਲਾਈ (ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ) ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਦੀ ਅਗਵਾਈ ਹੇਠ ਭੱਠਾ ਮਜ਼ਦੂਰਾਂ ਵੱਲੋਂ ਅੱਜ ਇੱਥੇ ਡਿਪਟੀ ਕਮਿਸ਼ਨਰ ਦਫਤਰ ਅੱਗੇ ਰਾਤ-ਦਿਨ ਦਾ ਧਰਨਾ ਸ਼ੁਰੂ ਕੀਤਾ ਗਿਆ।

ਹਾਲਾਂਕਿ ਯੂਨੀਅਨ ਵੱਲੋਂ ਰਾਤ ਦਿਨ ਦਾ ਧਰਨਾ ਲਗਾਇਆ ਗਿਆ ਸੀ ਲੇਕਿਨ ਜਿਲਾ ਪ੍ਰਸ਼ਾਸਨ ਵੱਲੋਂ ਤਿੰਨ ਦਿਨਾਂ ਦੇ ਅੰਦਰ-ਅੰਦਰ ਮਾਮਲਾ ਸੁਲਝਾਉਣ ਦਾ ਭਰੋਸਾ ਮਿਲਣ ਮਗਰੋਂ ਧਰਨਾ ਚੁੱਕ ਲਿਆ ਗਿਆ।

ਇਫਟੂ ਦੀ ਅਗਵਾਈ ਹੇਠ ਭੱਠਾ ਮਜ਼ਦੂਰਾਂ ਨੇ 2 ਜੁਲਾਈ ਨੂੰ ਡੀਸੀ ਦਫ਼ਤਰ ਗੁਰਦਾਸਪੁਰ ਵਿਖੇ ਲਗਾਤਾਰ ਦਿਨ-ਰਾਤ ਧਰਨੇ ਦਾ ਐਲਾਨ ਕੀਤਾ ਸੀ। ਪਰ ਸਹਾਇਕ ਕਿਰਤ ਕਮਿਸ਼ਨਰ ਕੁੰਵਰ ਡਾਵਰ ਨੇ ਇਸ ਮਾਮਲੇ ਨੂੰ 10 ਦਿਨਾਂ ਵਿਚ ਸੁਲਝਾਉਣ ਦਾ ਇਫਟੂ ਆਗੁਆਂ ਨਾਲ ਵਾਅਦਾ ਕੀਤਾ ਸੀ।
ਵਾਅਦਾ ਵਫ਼ਾ ਨਾ ਹੋਣ ਦੀ ਸੂਰਤ ਵਿੱਚ ਅੱਜ ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਦੀ ਅਗਵਾਈ ਹੇਠ ਭੱਠਾ ਮਜ਼ਦੂਰ ਲਗਾਤਾਰ ਦਿਨ-ਰਾਤ ਦਾ ਧਰਨਾ ਲਾਉਣ ਆਏ ਸਨ।

ਇਫਟੂ ਦੇ ਸੂਬਾਈ ਆਗੂ ਜੋਗਿੰਦਰ ਪਾਲ ਪਨਿਆੜ, ਜ਼ਿਲ੍ਹਾ ਆਗੂ ਸੁਖਦੇਵ ਰਾਜ ਬਹਿਰਾਮਪੁਰ, ਸਕੱਤਰ ਜੋਗਿੰਦਰ ਪਾਲ ਘੁਰਾਲਾ ਅਤੇ ਗੁਰਮੀਤ ਸਿੰਘ ਸਿੱਧਵਾਂ ਨੇ ਦੱਸਿਆ ਕਿ ਭੱਠਾ ਮਜ਼ਦੂਰਾਂ ਨੇ ਇੱਕ ਸਾਲ ਪਹਿਲਾਂ ਗਾਦੜੀਆਂ ਭੱਠੇ ਤੇ ਨਿਕਾਸੀ ਅਤੇ ਪਥੇਰ ਦਾ ਕੰਮ ਕੀਤਾ ਸੀ । ਉਨ੍ਹਾਂ ਦੋਸ਼ ਲਾਇਆ ਕਿ ਭੱਠਾ ਮਾਲਕ ਨੇ ਉਨ੍ਹਾਂ ਦਾ ਜਰੂਰੀ ਘਰੇਲੂ ਸਮਾਨ ਅਤੇ ਮਸੀਨਰੀ ਜ਼ਬਤ ਕੀਤੀ ਹੋਈ ਹੈ। ਜਿਸ ਵਿੱਚ ਚਾਰ ਸਲੰਡਰ ਦੋ ਬੈਡ, 12 ਰੇੜੀਆਂ,3 ਟਰੈਕਟਰ,3 ਟਰਾਲੀਆਂ, ਇੱਕ ਬਲੈਰੋ ਗੱਡੀ,18 ਮੰਜੇ, ਛੇ ਪੱਖੇ , ਇਕ ਪਲਟੀਨਾ ਮੋਟਰਸਾਈਕਲ, ਕਹੀਆਂ ,ਭਾਲੇ ਕੁਝ ਭਾਂਡੇ ਆਦਿ ਜ਼ਬਤ ਕਰਕੇ ਰੱਖੇ ਹੋਏ ਹਨ ਅਤੇ ਲਗਭਗ ਢਾਈ ਲੱਖ ਬਕਾਇਆ ਰਹਿੰਦਾ ਹੈ।

ਆਗੂਆਂ ਦੱਸਿਆ ਕਿ ਇਨ੍ਹਾਂ ਮਜ਼ਦੂਰਾਂ ਦੇ ਮਸਲੇ ਸਬੰਧੀ ਲੇਬਰ ਮਹਿਕਮੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਹੈ ਪਰ ਇਹਨਾਂ ਦਾ ਸਮਾਨ ਅਤੇ ਬਕਾਇਆ ਭੱਠਾ ਮਾਲਕਾਂ ਵੱਲੋਂ ਨਹੀਂ ਦਿੱਤਾ ਜਾ ਰਿਹਾ ਅਤੇ ਇਨ੍ਹਾਂ ਨਾਲ ਭੱਠੇ ਮਾਲਕਾਂ ਵੱਲੋਂ ਦੁਰਵਿਵਹਾਰ ਕੀਤਾ ਜਾਂਦਾ ਹੈ।

ਮਜ਼ਦੂਰ ਆਗੂਆਂ ਨੇ ਲੇਬਰ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਉਪਰੰਤ ਡੀਸੀ ਗੁਰਦਾਸਪੁਰ ਨੇ ਮਜ਼ਦੂਰ ਆਗੂਆਂ ਨੂੰ ਬੁਲਾ ਕੇ ਤਿੰਨ ਦਿਨ ਦੇ ਅੰਦਰ ਭੱਠਾ ਮਜ਼ਦੂਰਾਂ ਦਾ ਸਾਮਾਨ ਵਾਪਸ ਦਵਾਉਣ ਦੇ ਵਾਅਦੇ ਨਾਲ ਧਰਨਾ ਚੁੱਕ ਲਿਆ ਗਿਆ। ਇਸ ਮੌਕੇ ਧਰਮ ਪਾਲ, ਸੰਦੀਪ ਕੁਮਾਰ, ਹਰਦੇਵ ਸਿੰਘ ਯੂਸਫ, ਰਮੇਸ਼ ਸਿੰਘ,ਰਾਜੂ ਮਸੀਹ, ਅਨਮੋਲ ਸਿੰਘ, ਹਰਦੀਪ, ਪ੍ਰਭਜੋਤ ਅਤੇ ਖਜ਼ਾਨ ਸਿੰਘ ਹਾਜਰ ਸਨ।


Share & like

Leave a Reply