ਜਤਿੰਦਰ ਬੈਂਸ
ਡੇਰਾ ਬਾਬਾ ਨਾਨਕ, 4 ਜੂਨ
ਡੇਰਾ ਬਾਬਾ ਨਾਨਕ ਵਿੱਚ ਭਾਜਪਾ ਨੇਤਾ ‘ਤੇ ਹੋਈ ਫਾਇਰਿੰਗ ਅਤੇ ਕਲਾਨੌਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਹੋਏ ਗ੍ਰੇਨੇਡ ਹਮਲੇ ਨੂੰ ਲੈ ਕੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਾਨੂੰਨ-ਵਿਵਸਥਾ ‘ਤੇ ਗੰਭੀਰ ਸਵਾਲ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਡੇਰਾ ਬਾਬਾ ਨਾਨਕ ਬਾਰਡਰ ਦੇ ਨੇੜੇ ਹੋਣ ਕਰਕੇ ਇਨ੍ਹਾਂ ਮਾਮਲਿਆਂ ਦੀ ਜਾਂਚ NIA ਜਾਂ CBI ਨੂੰ ਸੌਂਪੀ ਜਾਣੀ ਚਾਹੀਦੀ ਸੀ, ਪਰ ਹਾਲੇ ਤੱਕ ਕੋਈ ਕੇਂਦਰੀ ਜਾਂਚ ਏਜੰਸੀ ਮੌਕੇ ‘ਤੇ ਨਹੀਂ ਪਹੁੰਚੀ। ਰੰਧਾਵਾ ਨੇ ਦਾਅਵਾ ਕੀਤਾ ਕਿ ਪੰਜਾਬ ਦੀ ਇੰਟੈਲੀਜੈਂਸ ਪ੍ਰਣਾਲੀ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਫਿਰੌਤੀ ਲਈ ਲਗਾਤਾਰ ਧਮਕੀ ਭਰੀਆਂ ਕਾਲਾਂ ਅਤੇ ਗਾਲੀ-ਗਲੋਚ ਵਾਲੇ ਵਾਇਸ ਮੈਸੇਜ ਮਿਲ ਰਹੇ ਹਨ। ਰੰਧਾਵਾ ਨੇ ਕਿਹਾ ਕਿ ਇਹ ਸਾਰੇ ਸਬੂਤ ਉਨ੍ਹਾਂ ਕੋਲ ਮੌਜੂਦ ਹਨ ਅਤੇ ਜਰੂਰਤ ਪੈਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਭੇਜੇ ਜਾਣਗੇ।
ਮੁੱਖ ਮੰਤਰੀ ‘ਤੇ ਤੰਜ ਕੱਸਦੇ ਹੋਏ ਉਨ੍ਹਾਂ ਕਿਹਾ ਕਿ ਜਿਵੇਂ ਉਹ ਵਿਧਾਨ ਸਭਾ ਵਿੱਚ ਪਹੁੰਚਦੇ ਹਨ, ਉਸੇ ਤਰ੍ਹਾਂ ਪੰਜਾਬ ਪੁਲਿਸ ਨੂੰ ਗੈਂਗਸਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਵੀ ਦੇਣੇ ਚਾਹੀਦੇ ਹਨ।
ਭਾਜਪਾ ਦੇ ਨਵੇਂ ਪੰਜਾਬ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਤਾਜਪੋਸ਼ੀ ‘ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਸਟੇਜ ‘ਤੇ ਜ਼ਿਆਦਾਤਰ ਉਹੀ ਨੇਤਾ ਸਨ ਜੋ ਪਹਿਲਾਂ ਕਾਂਗਰਸ ਨਾਲ ਜੁੜੇ ਰਹੇ ਹਨ, ਇਸ ਲਈ ਸਟੇਜ ਭਾਜਪਾ ਦੀ ਘੱਟ ਤੇ ਕਾਂਗਰਸ ਦੀ ਵੱਧ ਲੱਗ ਰਹੀ ਸੀ।
ਕੈਪਟਨ ਅਮਰਿੰਦਰ ਸਿੰਘ ਬਾਰੇ ਉਨ੍ਹਾਂ ਕਿਹਾ ਕਿ ਉਹ ਸੀਨੀਅਰ ਅਤੇ ਬੇਬਾਕ ਨੇਤਾ ਹਨ ਅਤੇ ਉਨ੍ਹਾਂ ਦੇ ਬਿਆਨਾਂ ‘ਤੇ ਉਹ ਵਧੇਰੇ ਟਿੱਪਣੀ ਨਹੀਂ ਕਰਨਾ ਚਾਹੁੰਦੇ। ਪੇਪਰ ਲੀਕ ਮਾਮਲੇ ‘ਤੇ ਰੰਧਾਵਾ ਨੇ ਮੰਗ ਕੀਤੀ ਕਿ ਦੋਸ਼ੀਆਂ ਖ਼ਿਲਾਫ਼ FIR ਦਰਜ ਹੋਣੀ ਚਾਹੀਦੀ ਹੈ ਅਤੇ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ।

ਅੰਤ ਵਿੱਚ ਉਨ੍ਹਾਂ ਕਿਹਾ ਕਿ ਮੌਜੂਦਾ ਰਾਜਨੀਤਿਕ ਹਾਲਾਤਾਂ ਅਤੇ ਨੌਜਵਾਨਾਂ ਦੀ ਨਾਰਾਜ਼ਗੀ ਕਾਰਨ ਨਵੀਆਂ ਸਿਆਸੀ ਤਾਕਤਾਂ ਉਭਰ ਰਹੀਆਂ ਹਨ।










