Share & like

65 ਲੋੜਵੰਦ ਮਹਿਲਾਵਾਂ ਨੂੰ ਰਾਸ਼ਨ ਕਿੱਟਾਂ ਦੇ ਕੇ ਮਨੁੱਖਤਾ ਦੀ ਸੇਵਾ ਦਾ ਸੁਨੇਹਾ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 11 ਮਈ
ਸਨਮਾਨ, ਦਇਆ ਅਤੇ ਆਤਮਨਿਰਭਰਤਾ ਨਾਲ ਜੀਵਨ ਸਸ਼ਕਤ ਬਣਾਉਣ ਵੱਲ ਇੱਕ ਹੋਰ ਪ੍ਰੇਰਣਾਦਾਇਕ ਕਦਮ ਚੁੱਕਦਿਆਂ ਚਿਨਮਯਾ ਮਿਸ਼ਨ ਵੱਲੋਂ 217ਵਾਂ ਮਾਸਿਕ ਰਾਸ਼ਨ ਵੰਡ ਸਮਾਰੋਹ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਸ ਸਮਾਗਮ ਨਾਲ ਵਿਧਵਾ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਮਹਿਲਾਵਾਂ ਦੀ ਸਹਾਇਤਾ ਲਈ ਚੱਲ ਰਹੇ ਪ੍ਰੋਜੈਕਟ ਦੇ 19ਵੇਂ ਸਾਲ ਦੀ ਸ਼ੁਰੂਆਤ ਵੀ ਹੋਈ।
ਮਿਸ਼ਨ ਦੇ ਇਸ ਮਾਨਵਤਾ ਭਰੇ ਉਪਰਾਲੇ ਤਹਿਤ 65 ਮਹਿਲਾਵਾਂ ਨੂੰ 1000 ਰੁਪਏ ਮੁੱਲ ਦੇ ਰਾਸ਼ਨ ਕਿੱਟ ਪ੍ਰਦਾਨ ਕੀਤੇ ਗਏ। ਸਮਾਗਮ ਦੀ ਸ਼ੁਰੂਆਤ ਪ੍ਰਾਰਥਨਾ ਅਤੇ ਦੀਪ ਪ੍ਰਜਵਲਨ ਨਾਲ ਹੋਈ। ਮਦਰਜ਼ ਡੇ ਦੇ ਮੌਕੇ ‘ਤੇ ਸ਼੍ਰੀਮਤੀ ਦੀਪਤੀ ਅਗਰਵਾਲ ਅਤੇ ਉਨ੍ਹਾਂ ਦੇ ਪੁੱਤਰ ਨਿਤਯ ਵੱਲੋਂ ਪੇਸ਼ ਕੀਤੇ ਗਏ ਭਜਨਾਂ ਨੇ ਪੂਰੇ ਮਾਹੌਲ ਨੂੰ ਭਗਤੀਮਈ ਅਤੇ ਆਤਮਿਕ ਰੰਗ ਨਾਲ ਭਰ ਦਿੱਤਾ।
ਇਸ ਮੌਕੇ ਪ੍ਰਸਿੱਧ ਸਮਾਜ ਸੁਧਾਰਕ ਅਤੇ ਰਾਸ਼ਟਰੀ ਪੁਰਸਕਾਰ ਪ੍ਰਾਪਤ ਡਾ. ਰੋਮੇਸ਼ ਮਹਾਜਨ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਪੁਨਰਵਾਸ, ਸਿੱਖਿਆ ਅਤੇ ਸਮਾਜਿਕ ਭਲਾਈ ਲਈ ਉਨ੍ਹਾਂ ਦੀਆਂ ਸੇਵਾਵਾਂ ਦੀ ਸਭ ਵੱਲੋਂ ਸਰਾਹਨਾ ਕੀਤੀ ਗਈ। ਉਨ੍ਹਾਂ ਨੇ ਮਿਸ਼ਨ ਦੇ ਇਸ ਨੇਕ ਕਾਰਜ ਲਈ 21 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਵੀ ਭੇਟ ਕੀਤੀ।
ਮਿਸ਼ਨ ਪ੍ਰਧਾਨ ਡਾ. ਹੀਰਾ ਅਰੋੜਾ ਨੇ ਮਿਸ਼ਨ ਦੇ ਵਿਜ਼ਨ “ਵੱਧ ਤੋਂ ਵੱਧ ਲੋਕਾਂ ਨੂੰ ਵੱਧ ਤੋਂ ਵੱਧ ਸਮੇਂ ਲਈ ਵੱਧ ਤੋਂ ਵੱਧ ਖੁਸ਼ੀ ਪ੍ਰਦਾਨ ਕਰਨਾ” ਨੂੰ ਸਾਂਝਾ ਕਰਦਿਆਂ ਸਮਾਜ ਸੇਵਾ ਪ੍ਰਤੀ ਆਪਣੀ ਵਚਨਬੱਧਤਾ ਦਰਸਾਈ।
ਵਿਸ਼ੇਸ਼ ਮਹਿਮਾਨ ਨੀਲਕਮਲ ਮਹਾਜਨ ਨੇ ਮਹਿਲਾਵਾਂ ਨੂੰ ਹੁਨਰ ਵਿਕਾਸ ਅਤੇ ਵੋਕੇਸ਼ਨਲ ਟ੍ਰੇਨਿੰਗ ਰਾਹੀਂ ਆਰਥਿਕ ਤੌਰ ‘ਤੇ ਖੁਦਮੁਖਤਿਆਰ ਬਣਨ ਲਈ ਪ੍ਰੇਰਿਤ ਕੀਤਾ।

ਸਮਾਗਮ ਦੇ ਅੰਤ ‘ਚ ਸਮਾਜ ਵਿੱਚ ਆਸ, ਸਹਾਰਾ ਅਤੇ ਸੇਵਾ ਦੀ ਰੌਸ਼ਨੀ ਫੈਲਾਉਣ ਲਈ ਨਿਰੰਤਰ ਯਤਨਸ਼ੀਲ ਸੇਵਾਦਾਰਾਂ, ਦਾਨੀਆਂ ਅਤੇ ਸਹਿਯੋਗੀਆਂ ਦਾ ਦਿਲੋਂ ਧੰਨਵਾਦ ਕੀਤਾ ਗਿਆ।


Share & like

Leave a Reply