ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 8 ਮਈ (ਰਿਪੋਰਟ)
ਵਿਸ਼ਵ ਰੈੱਡ ਕ੍ਰਾਸ ਦਿਵਸ ਦੇ ਮੌਕੇ ‘ਤੇ ਬਾਲ ਭਵਨ ਗੁਰਦਾਸਪੁਰ ਵਿਖੇ ਨਸ਼ਿਆਂ ਦੇ ਖਾਤਮੇ ਅਤੇ ਮਨੁੱਖਤਾ ਦੇ ਮੁੱਲਾਂ ਸਬੰਧੀ ਇੱਕ ਪ੍ਰੇਰਣਾਦਾਇਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਸ਼ਿਵ ਦੁਲਾਰ ਸਿੰਘ ਅਤੇ ਰੋਮੇਸ਼ ਮਹਾਜਨ ਦੀ ਯੋਗ ਅਗਵਾਈ ਹੇਠ ਕੀਤਾ ਗਿਆ।
ਇਸ ਸੈਮੀਨਾਰ ਦਾ ਸੰਚਾਲਨ ਕੋਮਲਪ੍ਰੀਤ ਕੌਰ ਅਤੇ ਆਬਾ ਸ਼ਰਮਾ ਵੱਲੋਂ ਕੀਤਾ ਗਿਆ, ਜਿਸ ਵਿੱਚ ਲਗਭਗ 35 ਬੱਚਿਆਂ ਨੇ ਉਤਸ਼ਾਹ ਨਾਲ ਭਾਗ ਲਿਆ। ਸੈਮੀਨਾਰ ਦੌਰਾਨ ਬੱਚਿਆਂ ਨੂੰ ਵਿਸ਼ਵ ਰੈੱਡ ਕ੍ਰਾਸ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਦੱਸਿਆ ਗਿਆ ਕਿ ਇਹ ਦਿਵਸ ਹਰ ਸਾਲ 8 ਮਈ ਨੂੰ ਹੈਨਰੀ ਡੂਨੰਟ ਦੇ ਜਨਮ ਦਿਵਸ ਮੌਕੇ ਮਨਾਇਆ ਜਾਂਦਾ ਹੈ, ਜਿਨ੍ਹਾਂ ਨੇ ਰੈੱਡ ਕ੍ਰਾਸ ਅੰਦੋਲਨ ਦੀ ਸਥਾਪਨਾ ਕੀਤੀ ਅਤੇ ਨੋਬਲ ਸ਼ਾਂਤੀ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਵਿਅਕਤੀ ਸਨ।
ਵਕਤਾਵਾਂ ਨੇ ਕਿਹਾ ਕਿ ਰੈੱਡ ਕ੍ਰਾਸ ਅਤੇ ਰੈੱਡ ਕ੍ਰੈਸੈਂਟ ਸੰਸਥਾਵਾਂ ਜੰਗਾਂ, ਕੁਦਰਤੀ ਆਫ਼ਤਾਂ, ਮਹਾਮਾਰੀਆਂ ਅਤੇ ਐਮਰਜੈਂਸੀ ਹਾਲਾਤਾਂ ਦੌਰਾਨ ਮਨੁੱਖਤਾ ਦੀ ਸੇਵਾ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ।
ਨਸ਼ਾ ਮੁਕਤੀ ਟੀਮ ਵੱਲੋਂ ਬੱਚਿਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਅਤੇ ਇਸ ਨੂੰ ਸਮਾਜ ਲਈ ਗੰਭੀਰ ਚੁਣੌਤੀ ਦੱਸਿਆ ਗਿਆ। ਬੱਚਿਆਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਉਹ ਆਪਣੇ ਆਸ-ਪਾਸ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਫੈਲਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ।
ਟੀਮ ਨੇ ਇਹ ਵੀ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਨਸ਼ੇ ਦੀ ਲਤ ਹੈ ਤਾਂ ਉਸਨੂੰ ਬੱਬੇਹਾਲੀ ਸਥਿਤ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਵਿੱਚ ਲਿਆਂਦਾ ਜਾਵੇ, ਜਿੱਥੇ ਮੁਫ਼ਤ ਇਲਾਜ ਅਤੇ ਕਾਉਂਸਲਿੰਗ ਦੀ ਸਹੂਲਤ ਉਪਲਬਧ ਹੈ।
ਇਸ ਮੌਕੇ ਬਖ਼ਸ਼ੀ ਰਾਜ਼ ਨੇ ਨੈਸ਼ਨਲ ਅਵਾਰਡੀ ਰੋਮੇਸ਼ ਮਹਾਜਨ ਅਤੇ ਉਨ੍ਹਾਂ ਦੀ ਟੀਮ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਜਾਗਰੂਕਤਾ ਪ੍ਰੋਗਰਾਮ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਸਿਹਤਮੰਦ ਸਮਾਜ ਦੀ ਨਿਰਮਾਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਸਮਾਪਤੀ ‘ਤੇ ਸਾਰੇ ਬੱਚਿਆਂ ਨੇ ਭਾਰਤੀ ਰੈੱਡ ਕ੍ਰਾਸ ਸੋਸਾਇਟੀ ਦੇ ਐਂਬੈਸਡਰ ਬਣ ਕੇ ਇਸ ਦਿਵਸ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਦਾ ਸੰਕਲਪ ਲਿਆ। ਇਸ ਮੌਕੇ ਬਲਜੀਤ ਸਿੰਘ ਸਮੇਤ ਬਾਲ ਭਵਨ ਦਾ ਸਮੂਹ ਸਟਾਫ਼ ਵੀ ਹਾਜ਼ਰ ਰਿਹਾ।










