ਵੱਖ-ਵੱਖ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਵਪਾਰੀਆਂ ਦੀਆਂ ਸ਼ਿਕਾਇਤਾਂ ਜਲਦ ਹੱਲ ਕਰਨ ਦੇ ਨਿਰਦੇਸ਼
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 6 ਮਈ
ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਆਦਿੱਤਿਆ ਉੱਪਲ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਨਾਲ ਸਬੰਧਤ ਮੁਸ਼ਕਿਲਾਂ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਸਬੰਧੀ ਰੀਵਿਊ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਕੀਤੇ ਗਏ ਕੰਮਾਂ ਦੀ ਸਮੀਖਿਆ ਕਰਦਿਆਂ ਬਾਕੀ ਰਹਿੰਦੀਆਂ ਸਮੱਸਿਆਵਾਂ ਦੇ ਜਲਦ ਹੱਲ ਲਈ ਨਿਰਦੇਸ਼ ਦਿੱਤੇ ਗਏ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸਿਮਰਨਜੀਤ ਸਿੰਘ ਢਿੱਲੋਂ, ਜ਼ਿਲ੍ਹਾ ਇੰਚਾਰਜ ਟਰੇਡਰਜ਼ ਕਮਿਸ਼ਨ ਚਰਨਜੀਤ ਸਿੰਘ ਪਾਰੋਵਾਲ, ਸਿਵਲ ਤੇ ਪੁਲਿਸ ਅਧਿਕਾਰੀਆਂ ਸਮੇਤ ਵੱਖ-ਵੱਖ ਹਲਕਿਆਂ ਦੇ ਟਰੇਡਰਜ਼ ਕਮਿਸ਼ਨ ਦੇ ਚੇਅਰਮੈਨ ਵੀ ਮੌਜੂਦ ਸਨ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਹਲਕਿਆਂ ਵਿੱਚ ਵਪਾਰੀਆਂ ਵੱਲੋਂ ਉਠਾਈਆਂ ਗਈਆਂ ਸਮੱਸਿਆਵਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਲਈ। ਅਧਿਕਾਰੀਆਂ ਵੱਲੋਂ ਦੱਸਿਆ ਗਿਆ ਕਿ ਕਈ ਮੁਸ਼ਕਿਲਾਂ ਦਾ ਨਿਪਟਾਰਾ ਪਹਿਲਾਂ ਹੀ ਕਰ ਦਿੱਤਾ ਗਿਆ ਹੈ ਅਤੇ ਬਾਕੀ ਰਹਿੰਦੀਆਂ ਸ਼ਿਕਾਇਤਾਂ ਦੇ ਹੱਲ ਦੀ ਪ੍ਰਕਿਰਿਆ ਜਾਰੀ ਹੈ।
ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦਾਸਪੁਰ ਦੇ ਗੀਤਾ ਭਵਨ ਰੋਡ ਸਥਿਤ ਸੰਨੀ ਫੈਸ਼ਨ ਹੱਬ ਨੇੜੇ ਬਿਜਲੀ ਦੀਆਂ ਢਿੱਲੀਆਂ ਤਾਰਾਂ ਦੀ ਸਮੱਸਿਆ ਨੂੰ ਸੰਬੰਧਤ ਵਿਭਾਗ ਵੱਲੋਂ ਤੁਰੰਤ ਹੱਲ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਫਤਿਹਗੜ੍ਹ ਚੂੜੀਆਂ ਹਲਕੇ ਵਿੱਚ ਪੀਣ ਵਾਲੇ ਪਾਣੀ, ਕਾਰ ਪਾਰਕਿੰਗ ਅਤੇ ਬਿਜਲੀ ਦੀਆਂ ਢਿੱਲੀਆਂ ਤਾਰਾਂ ਸਬੰਧੀ ਮੁਸ਼ਕਿਲਾਂ ਦਾ ਵੀ ਨਿਪਟਾਰਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਵਾਰਾ ਕੁੱਤਿਆਂ ਸਬੰਧੀ ਆ ਰਹੀਆਂ ਸ਼ਿਕਾਇਤਾਂ ਨੂੰ ਦੇਖਦਿਆਂ ਨਗਰ ਕੌਂਸਲ ਦੀਆਂ ਟੀਮਾਂ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਗਿਆ ਹੈ।
ਮੀਟਿੰਗ ਵਿੱਚ ਸੜਕਾਂ ਦੀ ਮੁਰੰਮਤ, ਗੰਦੇ ਪਾਣੀ ਦੀ ਨਿਕਾਸੀ, ਪਬਲਿਕ ਟਾਇਲਟਾਂ ਦੀ ਸਥਾਪਨਾ, ਸਫਾਈ ਪ੍ਰਬੰਧ, ਬਾਜ਼ਾਰਾਂ ਵਿੱਚ ਨਾਜਾਇਜ਼ ਕਬਜ਼ੇ, ਸਟਰੀਟ ਲਾਈਟਾਂ ਅਤੇ ਪੁਲਿਸ ਪ੍ਰਸ਼ਾਸਨ ਨਾਲ ਸਬੰਧਤ ਕਈ ਮੁੱਦੇ ਵੀ ਉਠਾਏ ਗਏ। ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਇਨ੍ਹਾਂ ਸਮੱਸਿਆਵਾਂ ਦੇ ਜਲਦ ਹੱਲ ਦਾ ਭਰੋਸਾ ਦਿਵਾਇਆ ਗਿਆ।
ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਨੇ ਸਾਰੇ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ ਵਪਾਰੀਆਂ ਨੂੰ ਹੋਰ ਸੁਚੱਜੀਆਂ ਸੇਵਾਵਾਂ ਮੁਹੱਈਆ ਕਰਵਾਉਣ ਲਈ ਕਿਹਾ। ਉਨ੍ਹਾਂ ਦੱਸਿਆ ਕਿ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਪ੍ਰਭਾਵਸ਼ਾਲੀ ਹੱਲ ਲਈ ਹਰ ਹਫਤੇ ਇਸ ਤਰ੍ਹਾਂ ਦੀਆਂ ਰੀਵਿਊ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਇਸ ਮੌਕੇ ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਦੇ ਨਵ-ਨਿਯੁਕਤ ਜ਼ਿਲ੍ਹਾ ਇੰਚਾਰਜ ਚਰਨਜੀਤ ਸਿੰਘ ਪਾਰੋਵਾਲ ਨੇ ਦੱਸਿਆ ਕਿ ਵਪਾਰੀਆਂ ਦੀਆਂ ਸ਼ਿਕਾਇਤਾਂ ਸਰਕਾਰੀ ਪੋਰਟਲ ’ਤੇ ਦਰਜ ਕਰਕੇ ਉਨ੍ਹਾਂ ਦੇ ਹੱਲ ਦੀ ਨਿਗਰਾਨੀ ਕੀਤੀ ਜਾ ਰਹੀ ਹੈ, ਤਾਂ ਜੋ ਵਪਾਰੀਆਂ ਨੂੰ ਸਮੇਂ ਸਿਰ ਰਾਹਤ ਮਿਲ ਸਕੇ।

ਮੀਟਿੰਗ ਵਿੱਚ ਕੁਲਦੀਪ ਚੰਦ ਸਹਾਇਕ ਕਮਿਸ਼ਨਰ (ਜਨਰਲ), ਅਦਿੱਤਿਆ ਸ਼ਰਮਾ ਐੱਸ.ਡੀ.ਐੱਮ ਡੇਰਾ ਬਾਬਾ ਨਾਨਕ, ਸਾਰੰਗਪ੍ਰੀਤ ਸਿੰਘ ਐੱਸ.ਡੀ.ਐੱਮ ਬਟਾਲਾ, ਨਵਜੋਤ ਸ਼ਰਮਾ ਐੱਸ.ਡੀ.ਐੱਮ ਫਤਿਹਗੜ੍ਹ ਚੂੜੀਆਂ, ਰਵਿੰਦਰ ਸਿੰਘ ਐੱਸ.ਡੀ.ਐੱਮ ਦੀਨਾਨਗਰ, ਰਮਨਦੀਪ ਸਿੰਘ ਐੱਸ.ਪੀ. ਬਟਾਲਾ, ਵਿਪਨ ਸੋਨੀ, ਰਾਕੇਸ਼ ਕੁਮਾਰ ਮਹਿਤਾ, ਰਾਜੀਵ ਸ਼ਰਮਾ, ਰਜਿੰਦਰ ਨੰਦਾ, ਵਿਸ਼ਾਲ ਸਿੰਘ, ਰੁਪਿੰਦਰ ਸਿੰਘ ਰੋਮੀ, ਅਸ਼ਵਨੀ ਦੁੱਗਲ, ਗੁਰਪ੍ਰੀਤ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਟਰੇਡਰਜ਼ ਕਮਿਸ਼ਨ ਦੇ ਨੁਮਾਇੰਦੇ ਹਾਜ਼ਰ ਸਨ।










