Share & like

ਡਿਊਟੀਆਂ ਸਕੂਲ ਜਾਂ ਰਿਹਾਇਸ਼ ਨੇੜੇ ਲਗਾਉਣ ਅਤੇ 50 ਫੀਸਦੀ ਸਟਾਫ਼ ਨੂੰ ਛੋਟ ਦੇਣ ਦੀ ਮੰਗ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 6 ਮਈ

ਜਨਗਣਨਾ (ਮਰਦਮਸ਼ੁਮਾਰੀ) ਨਾਲ ਸੰਬੰਧਿਤ ਅਧਿਆਪਕਾਂ ਦੀਆਂ ਵੱਡੀ ਗਿਣਤੀ ਵਿੱਚ ਲਗਾਈਆਂ ਜਾ ਰਹੀਆਂ ਡਿਊਟੀਆਂ ਕਾਰਨ ਪੈਦਾ ਹੋ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਅੱਜ ਸਮੂਹ ਅਧਿਆਪਕ ਜਥੇਬੰਦੀਆਂ ਦੇ ਵਫਦ ਵੱਲੋਂ ਸਹਾਇਕ ਕਮਿਸ਼ਨਰ ਜਨਰਲ ਸ੍ਰੀ ਕੁਲਦੀਪ ਚੰਦ ਨੂੰ ਮੰਗ ਪੱਤਰ ਸੌਂਪਿਆ ਗਿਆ।

ਇਸ ਮੌਕੇ ਅਧਿਆਪਕ ਆਗੂ ਕੁਲਦੀਪ ਪੂਰੇਵਾਲ , ਸੋਮ ਸਿੰਘ, ਰਵਿੰਦਰਜੀਤ ਸਿੰਘ ਪੰਨੂ, ਅਸ਼ਵਨੀ ਫ਼ੱਜ਼ੂਪੁਰ, ਬਲਵਿੰਦਰ ਰਾਜ, ਅਮਰਜੀਤ ਕੋਠੇ, ਅਨਿਲ ਕੁਮਾਰ ਲਾਹੌਰੀਆ, ਰਜਨੀ ਪ੍ਰਕਾਸ਼, ਅਨਿਲ ਸ਼ਰਮਾ, ਬਲਵਿੰਦਰ ਸਿੰਘ, ਰਮਨਦੀਪ ਕੌਰ ਅਤੇ ਮਨਜੀਤ ਕੌਰ ਨੇ ਕਿਹਾ ਕਿ ਅਧਿਆਪਕਾਂ ਦੀਆਂ ਮਰਦਮਸ਼ੁਮਾਰੀ ਡਿਊਟੀਆਂ ਉਹਨਾਂ ਦੀ ਡਿਊਟੀ ਵਾਲੇ ਸਕੂਲਾਂ ਜਾਂ ਰਿਹਾਇਸ਼ ਨੇੜੇ ਲਗਾਈਆਂ ਜਾਣ ਤਾਂ ਕਿ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ।

ਆਗੂਆਂ ਨੇ ਮੰਗ ਕੀਤੀ ਕਿ ਸਕੂਲਾਂ ਦੇ ਕੰਮਕਾਜ ਨੂੰ ਸੁਚਾਰੂ ਰੱਖਣ ਲਈ ਘੱਟੋ-ਘੱਟ 50 ਫੀਸਦੀ ਸਟਾਫ ਨੂੰ ਡਿਊਟੀ ਤੋਂ ਛੋਟ ਦਿੱਤੀ ਜਾਵੇ। ਇਸ ਤੋਂ ਇਲਾਵਾ ਅੰਗਹੀਣ, ਗੰਭੀਰ ਬੀਮਾਰ, ਕਪਲ ਕੇਸਾਂ ਅਤੇ ਸਿੰਗਲ ਟੀਚਰਾਂ ਨੂੰ ਵੀ ਮਰਦਮਸ਼ੁਮਾਰੀ ਡਿਊਟੀਆਂ ਤੋਂ ਰਾਹਤ ਦਿੱਤੀ ਜਾਵੇ।

ਉਨ੍ਹਾਂ ਕਿਹਾ ਕਿ ਦੂਰ-ਦੁਰਾਡੇ ਗੁਰਦਾਸਪੁਰ ਤੋਂ ਬਟਾਲਾ, ਬਟਾਲਾ ਤੋਂ ਗੁਰਦਾਸਪੁਰ ਅਤੇ ਗੁਰਦਾਸਪੁਰ ਤੋਂ ਧਾਰੀਵਾਲ ਆਦਿ ਦੂਰ ਦੁਰਾਡੇ ਇਲਾਕਿਆਂ ਵਿੱਚ ਲਗਾਈਆਂ ਡਿਊਟੀਆਂ ਨੂੰ ਰੱਦ ਕਰਕੇ ਸੰਬੰਧਤ ਅਧਿਆਪਕਾਂ ਦੀਆਂ ਡਿਊਟੀਆਂ ਉਹਨਾਂ ਦੇ ਸਕੂਲਾਂ ਜਾਂ ਨੇੜਲੇ ਇਲਾਕਿਆਂ ਵਿੱਚ ਲਗਾਈਆਂ ਜਾਣ।

ਅਧਿਆਪਕ ਆਗੂਆਂ ਨੇ ਇਹ ਵੀ ਮੰਗ ਕੀਤੀ ਕਿ ਹੋਰ ਵਿਭਾਗਾਂ ਦੇ ਕਰਮਚਾਰੀਆਂ ਦੀਆਂ ਡਿਊਟੀਆਂ ਵੀ ਬਰਾਬਰ ਅਨੁਪਾਤ ਵਿੱਚ ਲਗਾਈਆਂ ਜਾਣ ਅਤੇ ਸੀਨੀਅਰ ਕਾਡਰ ਜਾਂ ਸਕੂਲ ਮੁਖੀਆਂ ਦੀਆਂ ਡਿਊਟੀਆਂ ਕੇਵਲ ਸੁਪਰਵਾਈਜ਼ਰ ਵਜੋਂ ਹੀ ਲਗਾਈਆਂ ਜਾਣ।

ਆਗੂਆਂ ਚੇਤਾਵਨੀ ਦਿੱਤੀ ਕਿ ਜੇਕਰ ਅਧਿਆਪਕਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਅਤੇ ਵੱਡੀ ਗਿਣਤੀ ਵਿੱਚ ਗੈਰ ਵਿੱਦਿਅਕ ਕੰਮਾਂ ਤੋਂ ਡਿਊਟੀਆਂ ਤੋਂ ਛੋਟ ਨਾ ਦਿੱਤੀ ਗਈ ਤਾਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਨਾਲ ਲੇ ਕੇ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।

ਸਹਾਇਕ ਕਮਿਸ਼ਨਰ ਜਨਰਲ ਸ੍ਰੀ ਕੁਲਦੀਪ ਚੰਦ ਨੇ ਵਫਦ ਨੂੰ ਭਰੋਸਾ ਦਿਵਾਇਆ ਕਿ ਜਲਦ ਹੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਮੀਟਿੰਗ ਕਰਵਾ ਕੇ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਫੋਟੋ ਕੈਪਸ਼ਨ: ਸਹਾਇਕ ਕਮਿਸ਼ਨਰ ਨੂੰ ਮੰਗ-ਪੱਤਰ ਸੌਂਪਦੇ ਹੋਏ ਅਧਿਆਪਕ ਆਗੂ।


Share & like

Leave a Reply