Share & like

ਜਤਿੰਦਰ ਬੈਂਸ / ਰੋਜ਼ਾਨਾ ਖ਼ਬਰ
ਗੁਰਦਾਸਪੁਰ, 30 ਮਾਰਚ
ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ’ਤੇ ਪੰਜਾਬ ਦੀਆਂ ਵੱਖ-ਵੱਖ ਟਰੇਡ ਯੂਨੀਅਨਾਂ ਵੱਲੋਂ 1 ਅਪ੍ਰੈਲ ਨੂੰ ਚਾਰ ਲੇਬਰ ਕੋਡਾਂ ਦੇ ਵਿਰੋਧ ਵਿੱਚ “ਕਾਲਾ ਦਿਵਸ” ਵਜੋਂ ਮਨਾਉਂਦੇ ਹੋਏ ਸੰਘਰਸ਼ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਹੈ।
ਇਸ ਸਬੰਧੀ ਸ਼ਹੀਦ ਬਲਜੀਤ ਸਿੰਘ ਫਜਲਾਬਾਦ ਹਾਲ, ਰੁਲੀਆਂ ਰਾਮ ਕਲੌਨੀ ਵਿੱਚ ਇਫਟੂ, ਸੀ.ਟੀ.ਯੂ, ਏਕਟੂ ਅਤੇ ਏਟਕ ਦੀ ਸਾਂਝੀ ਮੀਟਿੰਗ ਹੋਈ। ਮੀਟਿੰਗ ਵਿੱਚ ਜੋਗਿੰਦਰ ਪਾਲ ਪਨਿਆੜ, ਧਿਆਨ ਸਿੰਘ ਠਾਕੁਰ, ਰਾਜ ਕੁਮਾਰ ਪੰਡੋਰੀ, ਵਿਜੇ ਸੋਹਲ, ਸੁਖਦੇਵ ਰਾਜ ਬਹਿਰਾਮਪੁਰ, ਜਸਵੰਤ ਸਿੰਘ ਬੁੱਟਰ, ਖੁਸ਼ਵੰਤ ਸਿੰਘ ਅਤੇ ਸਾਹਿਬ ਸਿੰਘ ਸਮੇਤ ਕਈ ਮਜ਼ਦੂਰ ਆਗੂ ਹਾਜ਼ਰ ਸਨ।
ਮੀਟਿੰਗ ਦੌਰਾਨ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ’ਤੇ ਦੋਸ਼ ਲਗਾਇਆ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਅਤੇ ਦੇਸ਼ੀ-ਵਿਦੇਸ਼ੀ ਪੂੰਜੀਪਤੀਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਮਜ਼ਦੂਰਾਂ ਦੇ ਜਮਹੂਰੀ ਹੱਕਾਂ ’ਤੇ ਵਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਲਈ ਬਣੇ 29 ਕਾਨੂੰਨਾਂ ਨੂੰ ਖਤਮ ਕਰਕੇ ਕੇਵਲ 4 ਲੇਬਰ ਕੋਡ ਲਿਆਂਦੇ ਗਏ ਹਨ, ਜੋ ਮਜ਼ਦੂਰ ਵਿਰੋਧੀ ਹਨ।
ਆਗੂਆਂ ਮੁਤਾਬਕ, ਇਹ ਕੋਡ ਲਾਗੂ ਹੋਣ ਨਾਲ ਯੂਨੀਅਨ ਬਣਾਉਣ ਅਤੇ ਸੰਘਰਸ਼ ਕਰਨ ਦੇ ਅਧਿਕਾਰ ਕਮਜ਼ੋਰ ਹੋ ਜਾਣਗੇ। ਪੱਕੀ ਨੌਕਰੀ ਦੀ ਥਾਂ “ਫਿਕਸਡ ਟਰਮ ਇੰਪਲਾਇਮੈਂਟ” ਨੂੰ ਵਧਾਵਾ ਮਿਲੇਗਾ, ਜਿਸ ਨਾਲ ਨੌਕਰੀ ਦੀ ਸੁਰੱਖਿਆ ਘਟੇਗੀ। ਇਸ ਤੋਂ ਇਲਾਵਾ, ਕੰਮ ਦੇ ਘੰਟੇ 8 ਤੋਂ ਵਧਾ ਕੇ 12 ਕਰਨ ਦੀ ਸੰਭਾਵਨਾ ਵੀ ਜਤਾਈ ਗਈ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਨਵੀਂ ਨੀਤੀ ਹੇਠ ਘੱਟੋ-ਘੱਟ ਮਜ਼ਦੂਰੀ ਨੂੰ “ਰਾਸ਼ਟਰੀ ਫਲੋਰ ਵੇਜ” ਦੇ ਰੂਪ ਵਿੱਚ ਲਿਆਂਦਾ ਜਾ ਰਿਹਾ ਹੈ, ਜਿਸ ਨਾਲ ਅਸਲ ਘੱਟੋ-ਘੱਟ ਮਜ਼ਦੂਰੀ ਦੇ ਹੱਕ ਪ੍ਰਭਾਵਿਤ ਹੋ ਸਕਦੇ ਹਨ। ਅਸੰਗਠਿਤ ਖੇਤਰ ਦੇ ਮਜ਼ਦੂਰਾਂ ਨੂੰ ਵੀ ਇਨ੍ਹਾਂ ਕੋਡਾਂ ਰਾਹੀਂ ਹੱਕਾਂ ਤੋਂ ਵੰਚਿਤ ਕਰਨ ਦੀ ਗੱਲ ਕਹੀ ਗਈ।

ਮਜ਼ਦੂਰ ਆਗੂਆਂ ਨੇ ਕਿਹਾ ਕਿ ਇਹ ਕੋਡ ਭਾਰਤੀ ਸੰਵਿਧਾਨ, ਅੰਤਰਰਾਸ਼ਟਰੀ ਮਜ਼ਦੂਰ ਮਿਆਰਾਂ ਅਤੇ ਮਨੁੱਖੀ ਅਧਿਕਾਰਾਂ ਦੇ ਖਿਲਾਫ ਹਨ। ਇਸਦੇ ਵਿਰੋਧ ਵਿੱਚ 1 ਅਪ੍ਰੈਲ ਨੂੰ “ਕਾਲਾ ਦਿਵਸ” ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।
ਉਨ੍ਹਾਂ ਸਾਰੇ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ 1 ਅਪ੍ਰੈਲ ਨੂੰ ਸਵੇਰੇ 11 ਵਜੇ ਸ੍ਰੀ ਗੁਰੂ ਨਾਨਕ ਪਾਰਕ, ਗੁਰਦਾਸਪੁਰ ਵਿਖੇ ਇਕੱਠੇ ਹੋਣ ਅਤੇ ਸੰਘਰਸ਼ ਵਿੱਚ ਸ਼ਾਮਲ ਹੋਣ।


Share & like

Leave a Reply