Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 24 ਮਾਰਚ:
ਗੁਰਦਾਸਪੁਰ ਸ਼ਹਿਰ ਅੰਦਰ ਪੁੱਟੀਆਂ ਹੋਈਆਂ ਸੜ੍ਹਕਾਂ ਕਾਰਨ ਲੋਕਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਲੈ ਕੇ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ), ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਨੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਜੱਥੇਬੰਦੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਹੱਲ ਨਾ ਕੀਤਾ ਗਿਆ ਤਾਂ ਉਹ ਲੋਕਾਂ ਨੂੰ ਇਕੱਠਾ ਕਰਕੇ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਪ੍ਰੈੱਸ ਨੋਟ ਜਾਰੀ ਕਰਦਿਆਂ ਇਫਟੂ ਦੇ ਸੂਬਾ ਮੀਤ ਪ੍ਰਧਾਨ ਰਮੇਸ਼ ਰਾਣਾ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸਤਬੀਰ ਸਿੰਘ ਸੁਲਤਾਨੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਾਜ ਕੁਮਾਰ ਪੰਡੋਰੀ ਨੇ ਦੱਸਿਆ ਕਿ ਸ਼ਹਿਰ ਵਿੱਚ ਸੜ੍ਹਕਾਂ ਦੀ ਮੁਰੰਮਤ ਅਤੇ ਨਵੀਂ ਬਣਤਰ ਦੇ ਨਾਂ ‘ਤੇ ਕਈ ਸੜ੍ਹਕਾਂ ਨੂੰ ਪੁੱਟਿਆ ਗਿਆ ਸੀ, ਪਰ ਕੰਮ ਅਧੂਰਾ ਛੱਡ ਦਿੱਤਾ ਗਿਆ ਹੈ। ਖਾਸ ਕਰਕੇ ਕਾਹਨੂੰਵਾਨ ਚੌਂਕ ਤੋਂ ਪੰਡੋਰੀ ਰੋਡ ਫਾਟਕ ਤੱਕ ਦੀ ਸੜ੍ਹਕ ਬਹੁਤ ਖਰਾਬ ਹਾਲਤ ਵਿੱਚ ਹੈ, ਜੋ ਰੋਜ਼ਾਨਾ ਹਾਦਸਿਆਂ ਨੂੰ ਸੱਦਾ ਦੇ ਰਹੀ ਹੈ।
ਉਨ੍ਹਾਂ ਕਿਹਾ ਕਿ ਪੁੱਟੀਆਂ ਸੜ੍ਹਕਾਂ ਕਾਰਨ ਧੂੜ੍ਹ ਅਤੇ ਮਿੱਟੀ ਨਾਲ ਹਵਾਈ ਪ੍ਰਦੂਸ਼ਣ ਵਧ ਰਿਹਾ ਹੈ ਅਤੇ ਮੋਟਰਸਾਈਕਲ ਤੇ ਛੋਟੇ ਵਾਹਨਾਂ ਦੇ ਤਿਲਕਣ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਡਿਵਾਇਡਰਾਂ ‘ਤੇ ਪੁਰਾਣੀ ਸੜ੍ਹਕ ਦੀ ਰਹਿੰਦ-ਖੁੰਹਦ ਉੱਚੀ ਹੋਣ ਕਾਰਨ ਹਾਦਸਿਆਂ ਦਾ ਖਤਰਾ ਹੋਰ ਵੀ ਵਧ ਗਿਆ ਹੈ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ, ਪੇਂਡੂ ਮਜ਼ਦੂਰ ਯੂਨੀਅਨ ਦੇ ਯੂਥ ਆਗੂ ਮੇਜਰ ਸਿੰਘ ਕੋਟ ਟੋਡਰ ਮੱਲ ਅਤੇ ਇਫਟੂ ਦੇ ਸੂਬਾ ਵਿੱਤ ਸਕੱਤਰ ਜੋਗਿੰਦਰ ਪਾਲ ਪਨਿਆੜ ਨੇ ਕਿਹਾ ਕਿ ਸ਼ਹਿਰ ਦੇ ਸਕੂਲਾਂ, ਕਾਲਜਾਂ ਅਤੇ ਹਸਪਤਾਲਾਂ ਦੇ ਸਾਹਮਣੇ ਨਾ ਤਾਂ ਚੇਤਾਵਨੀ ਬੋਰਡ ਲੱਗੇ ਹਨ, ਨਾ ਹੀ ਸਪੀਡ ਬਰੇਕਰ ਜਾਂ ਜ਼ੈਬਰਾ ਕ੍ਰਾਸਿੰਗ ਬਣਾਈ ਗਈ ਹੈ, ਜਿਸ ਨਾਲ ਪੈਦਲ ਚੱਲਣ ਵਾਲਿਆਂ ਦੀ ਸੁਰੱਖਿਆ ਖਤਰੇ ਵਿੱਚ ਹੈ।
ਆਗੂਆਂ ਨੇ ਇਹ ਵੀ ਦੱਸਿਆ ਕਿ ਭਾਵੇਂ ਬੱਸ ਅੱਡਾ ਸ਼ਹਿਰ ਤੋਂ ਬਾਹਰ ਸ਼ਿਫਟ ਹੋ ਚੁੱਕਾ ਹੈ, ਪਰ ਟ੍ਰੈਫਿਕ ਸਮੱਸਿਆ ਘਟਣ ਦੀ ਬਜਾਏ ਹੋਰ ਵੀ ਗੰਭੀਰ ਹੋ ਗਈ ਹੈ। ਪੁੱਟੀਆਂ ਸੜ੍ਹਕਾਂ ਕਾਰਨ ਜਾਮ ਵਧ ਰਹੇ ਹਨ ਅਤੇ ਸੜ੍ਹਕ ਕਿਨਾਰੇ ਰੇਹੜੀ-ਫੜੀ ਲਗਾਉਣ ਵਾਲਿਆਂ ਦੇ ਰੋਜ਼ਗਾਰ ‘ਤੇ ਵੀ ਨਕਾਰਾਤਮਕ ਅਸਰ ਪੈ ਰਿਹਾ ਹੈ।

ਜੱਥੇਬੰਦੀਆਂ ਨੇ ਮੰਗ ਕੀਤੀ ਕਿ ਸ਼ਹਿਰ ਦੀਆਂ ਸੜ੍ਹਕਾਂ ਨੂੰ ਤੁਰੰਤ ਤਿਆਰ ਕੀਤਾ ਜਾਵੇ ਅਤੇ ਜਿੱਥੇ ਮੁਰੰਮਤ ਦੀ ਲੋੜ ਹੈ, ਉਥੇ ਫੌਰੀ ਕੰਮ ਸ਼ੁਰੂ ਕੀਤਾ ਜਾਵੇ। ਉਨ੍ਹਾਂ ਆਖਿਆ ਕਿ ਜੇਕਰ ਪ੍ਰਸ਼ਾਸਨ ਵੱਲੋਂ ਜਲਦੀ ਕਦਮ ਨਾ ਚੁੱਕੇ ਗਏ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ।


Share & like

Leave a Reply