Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਬਟਾਲਾ, 23 ਮਾਰਚ
ਸੀਪੀਆਈ (ਐਮਐਲ) ਲਿਬਰੇਸ਼ਨ ਵੱਲੋਂ ਅੱਜ ਬਟਾਲਾ ਦਫ਼ਤਰ ਵਿਖੇ 23 ਮਾਰਚ ਦੇ ਸ਼ਹੀਦਾਂ ਦੀ 75ਵੀਂ ਬਰਸੀ ਮੌਕੇ ਇੱਕ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਦੌਰਾਨ ਸ਼ਹੀਦ ਭਗਤ ਸਿੰਘ ਦੇ ਨਾਅਰੇ “ਇਨਕਲਾਬ ਜ਼ਿੰਦਾਬਾਦ” ਅਤੇ “ਸਾਮਰਾਜਵਾਦ ਮੁਰਦਾਬਾਦ” ਨੂੰ ਸਮਰਪਿਤ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਸਮਾਗਮ ਦੀ ਪ੍ਰਧਾਨਗੀ ਜਗੀਰ ਸਿੰਘ ਬੋਪਾਰਾਏ, ਭੁਪਿੰਦਰ ਸਿੰਘ ਮੀਰਾਕੋਟ ਅਤੇ ਸਾਬੀ ਗੁਰਦਾਸ ਨੰਗਲ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ।

ਇਸ ਮੌਕੇ ਬੋਲਦਿਆਂ ਪਾਰਟੀ ਆਗੂ ਗੁਲਜਾਰ ਸਿੰਘ ਭੁੰਬਲੀ, ਗੁਰਮੀਤ ਸਿੰਘ ਬਖਤਪੁਰਾ, ਕਮਿਊਨਿਸਟ ਆਗੂ ਰਣਬੀਰ ਸਿੰਘ ਵਿਰਕ ਅਤੇ ਮਾਸਟਰ ਰਘਬੀਰ ਸਿੰਘ ਪਕੀਵਾਂ ਨੇ ਸ਼ਹੀਦਾਂ ਦੇ ਨਾਅਰਿਆਂ ਦੀ ਵਿਆਖਿਆ ਕਰਦਿਆਂ ਕਿਹਾ ਕਿ ਜਦੋਂ ਤੱਕ ਦੁਨੀਆ ਵਿੱਚ ਸਾਮਰਾਜਵਾਦ ਮੌਜੂਦ ਰਹੇਗਾ, ਤਦ ਤੱਕ ਆਮ ਜਨਤਾ ਆਰਥਿਕ ਬੋਝ ਅਤੇ ਜੰਗਾਂ ਦੇ ਪ੍ਰਭਾਵ ਹੇਠ ਪੀੜਤ ਰਹੇਗੀ।
ਆਗੂਆਂ ਨੇ ਅੰਤਰਰਾਸ਼ਟਰੀ ਮਸਲਿਆਂ ‘ਤੇ ਗੱਲ ਕਰਦਿਆਂ ਅਮਰੀਕਾ ਵੱਲੋਂ ਵੱਖ-ਵੱਖ ਦੇਸ਼ਾਂ ‘ਤੇ ਕੀਤੀਆਂ ਕਾਰਵਾਈਆਂ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਰਾਨ ਦੀ ਜਨਤਾ ਵੱਲੋਂ ਦਿੱਤੀ ਗਈ ਟੱਕਰ ਨੇ ਇਹ ਸਾਬਤ ਕੀਤਾ ਹੈ ਕਿ ਲੋਕ ਇਕੱਠੇ ਹੋ ਕੇ ਕਿਸੇ ਵੀ ਸਾਮਰਾਜੀ ਤਾਕਤ ਦਾ ਮੁਕਾਬਲਾ ਕਰ ਸਕਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸੱਚੇ ਦੇਸ਼ਭਗਤ ਲੋਕਾਂ ਅਤੇ ਉਨ੍ਹਾਂ ਦੀਆਂ ਸਰਕਾਰਾਂ ਨੂੰ ਹਰਾਉਣਾ ਆਸਾਨ ਨਹੀਂ ਹੁੰਦਾ।
ਇਸ ਦੌਰਾਨ ਭਾਰਤ ਦੀ ਕੇਂਦਰ ਸਰਕਾਰ ਅਤੇ ਆਰਐਸਐਸ ‘ਤੇ ਵੀ ਤੀਖੇ ਹਮਲੇ ਕਰਦੇ ਹੋਏ ਕਿਹਾ ਗਿਆ ਕਿ ਦੇਸ਼ ਦੀ ਵਿਦੇਸ਼ ਨੀਤੀ ਵਿੱਚ ਕਮਜ਼ੋਰੀ ਦਿਖਾਈ ਦੇ ਰਹੀ ਹੈ ਅਤੇ ਕਈ ਮਾਮਲਿਆਂ ‘ਚ ਅਮਰੀਕਾ ਅੱਗੇ ਝੁਕਣ ਦੇ ਦੋਸ਼ ਲਗਾਏ ਗਏ।
ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਗੱਲ ਕਰਦਿਆਂ ਆਗੂਆਂ ਨੇ ਮਾਨ ਸਰਕਾਰ ਦੀ ਕੜੀ ਅਲੋਚਨਾ ਕੀਤੀ। ਉਨ੍ਹਾਂ ਦਾਅਵਾ ਕੀਤਾ ਕਿ ਰਾਜ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਸੰਤੋਸ਼ਜਨਕ ਨਹੀਂ ਹੈ ਅਤੇ ਨੌਜਵਾਨਾਂ ਨਾਲ ਜੁੜੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਇਹ ਵੀ ਕਿਹਾ ਕਿ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।

ਸਮਾਗਮ ਵਿੱਚ ਹੋਰਾਂ ਤੋਂ ਇਲਾਵਾ ਬਲਬੀਰ ਸਿੰਘ ਮੂਧਲ, ਮੰਗਲ ਸਿੰਘ ਧਰਮਕੋਟ, ਅਸ਼ਵਨੀ ਕੁਮਾਰ ਲੱਖਣ ਕਲਾਂ, ਹਰਵਿੰਦਰ ਸਿੰਘ ਮੱਲੀ, ਨਰਿੰਦਰ ਤੇੜਾਂ, ਪ੍ਰੇਮ ਮਸੀਹ ਸੌਨਾ, ਜੋਗਿੰਦਰ ਲੇਹਲ, ਬਿਟਾ ਅਠਵਾਲ ਅਤੇ ਸ਼ਮਸ਼ੇਰ ਸਿੰਘ ਹੇਰ ਵੀ ਹਾਜ਼ਰ ਸਨ।


Share & like

Leave a Reply