Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 12 ਮਾਰਚ
ਪਿਛਲੇ ਕੁਝ ਦਿਨ ਪਹਿਲਾਂ ਗੁਰਦਾਸਪੁਰ ਸ਼ਹਿਰ ਵਿੱਚ ਹੋਈ ਵੱਡੀ ਲੁੱਟ ਦੀ ਘਟਨਾ ਕਾਰਨ ਲੋਕਾਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਸੀ। ਜ਼ਿਲ੍ਹਾ ਪੁਲਿਸ ਨੇ ਇਸ ਮਾਮਲੇ ਵਿੱਚ ਵੱਡੀ ਸਫਲਤਾ ਹਾਸਲ ਕਰਦੇ ਹੋਏ ਵਾਰਦਾਤ ਵਿੱਚ ਸ਼ਾਮਲ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਲੁੱਟੇ ਗਏ ਸਮਾਨ ਵਿੱਚੋਂ ਕਰੀਬ 1 ਕਰੋੜ 85 ਲੱਖ ਰੁਪਏ ਦੀ ਬਰਾਮਦਗੀ ਵੀ ਕਰ ਲਈ ਹੈ।

ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਅਦਿੱਤਿਆ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ ਗਈ ਕਿ ਪੁਲਿਸ ਨੇ ਇਸ ਵੱਡੀ ਲੁੱਟ ਦੀ ਗੁੱਥੀ ਸੁਲਝਾਉਣ ਲਈ ਦਿਨ-ਰਾਤ ਮਿਹਨਤ ਕੀਤੀ। ਇਸ ਮੌਕੇ ਐਸਪੀ (ਡੀ) ਦਵਿੰਦਰ ਚੌਧਰੀ ਅਤੇ ਐਸਐਚਓ ਦਵਿੰਦਰ ਪ੍ਰਕਾਸ਼ ਵੀ ਮੌਜੂਦ ਸਨ।
ਐਸਐਸਪੀ ਨੇ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਕਾਰਵਾਈ ਕਰਦੇ ਹੋਏ ਹੁਣ ਤੱਕ ਸੋਨਾ, ਚਾਂਦੀ ਅਤੇ ਨਕਦੀ ਸਮੇਤ ਕਰੀਬ 1 ਕਰੋੜ 85 ਲੱਖ ਰੁਪਏ ਦਾ ਸਮਾਨ ਬਰਾਮਦ ਕੀਤਾ ਗਿਆ ਹੈ। ਬਰਾਮਦ ਕੀਤੇ ਸਮਾਨ ਵਿੱਚ ਲਗਭਗ 32 ਲੱਖ ਰੁਪਏ ਨਕਦ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਵਾਰਦਾਤ ਦੌਰਾਨ ਵਰਤੀ ਗਈ ਲੁੱਟੀ ਹੋਈ ਕਾਰ ਵੀ ਪੁਲਿਸ ਨੇ ਕਬਜ਼ੇ ਵਿੱਚ ਲੈ ਲਈ ਹੈ।

ਬਟਾਲਾ ਦੇ ਨਿਕਲੇ ਮੁਲਜ਼ਮ
ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੀ ਪਹਿਚਾਣ
ਰਾਜਬੀਰ ਸਿੰਘ ਉਰਫ਼ ਰਾਜਾ,
ਬਲਵਿੰਦਰ ਸਿੰਘ ਉਰਫ਼ ਬੂਟਾ, ਵਾਸੀ ਧੀਮਾਨ (ਥਾਣਾ ਕਿਲਾ ਲਾਲ ਸਿੰਘ, ਬਟਾਲਾ),
ਸਿਮਰਜੀਤ ਸਿੰਘ ਉਰਫ਼ ਸਿੰਮਾ, ਵਾਸੀ ਭਗਵਾਨਪੁਰ ਕਾਲੋਨੀ,
ਕੁਲਬੀਰ ਸਿੰਘ, ਵਾਸੀ ਕੋਟਲੀ ਸੂਰਤ ਮੱਲੀਆ (ਬਟਾਲਾ)
ਦੇ ਰੂਪ ਵਿੱਚ ਹੋਈ ਹੈ।
ਪੁਲਿਸ ਦੇ ਮੁਤਾਬਕ ਇਹ ਸਾਰੇ ਮੁਲਜ਼ਮ ਬਟਾਲਾ ਇਲਾਕੇ ਨਾਲ ਸੰਬੰਧਤ ਹਨ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਪੁਲਿਸ ਨੂੰ ਉਮੀਦ ਹੈ ਕਿ ਹੋਰ ਵੀ ਮਹੱਤਵਪੂਰਨ ਜਾਣਕਾਰੀਆਂ ਸਾਹਮਣੇ ਆ ਸਕਦੀਆਂ ਹਨ।
ਮਾਸਟਰਮਾਈਂਡ ਦੀ ਭਾਲ ਜਾਰੀ
ਐਸਐਸਪੀ ਨੇ ਕਿਹਾ ਕਿ ਹਾਲੇ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਇਸ ਪੂਰੀ ਵਾਰਦਾਤ ਦਾ ਮਾਸਟਰਮਾਈਂਡ ਅਤੇ ਹੋਰ ਸ਼ਾਮਲ ਵਿਅਕਤੀਆਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਨਿਰੰਤਰ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਬਾਕੀ ਰਹਿੰਦੇ ਦੋਸ਼ੀਆਂ ਨੂੰ ਵੀ ਜਲਦ ਗ੍ਰਿਫ਼ਤਾਰ ਕਰਕੇ ਲੁੱਟਿਆ ਹੋਇਆ ਹੋਰ ਸਮਾਨ ਵੀ ਬਰਾਮਦ ਕਰ ਲਿਆ ਜਾਵੇਗਾ।
ਨਿਹੰਗ ਬਾਣੇ ਦੀ ਗਲਤ ਵਰਤੋਂ
ਇਸ ਘਟਨਾ ਦੀ ਸਭ ਤੋਂ ਦੁਖਦਾਈ ਗੱਲ ਇਹ ਸਾਹਮਣੇ ਆਈ ਕਿ ਦੋਸ਼ੀਆਂ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਨਿਹੰਗ ਸਿੰਘਾਂ ਦੇ ਪਵਿੱਤਰ ਬਾਣੇ ਦਾ ਭੇਸ ਬਣਾਇਆ ਸੀ। ਇਸ ਭੇਸ ਰਾਹੀਂ ਉਨ੍ਹਾਂ ਨੇ ਪਰਿਵਾਰ ਨੂੰ ਗੁਮਰਾਹ ਕੀਤਾ ਅਤੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ।
ਪੁਲਿਸ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦਾ ਨਿਹੰਗ ਪਰੰਪਰਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਨੇ ਸਿਰਫ਼ ਲੋਕਾਂ ਨੂੰ ਭਰਮਿਤ ਕਰਨ ਲਈ ਇਸ ਭੇਸ ਦੀ ਨਾਜਾਇਜ਼ ਵਰਤੋਂ ਕੀਤੀ।
ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਮੁੜ ਮਜ਼ਬੂਤ

ਇਸ ਵੱਡੀ ਕਾਰਵਾਈ ਨਾਲ ਗੁਰਦਾਸਪੁਰ ਵਿੱਚ ਬਣੇ ਡਰ ਦੇ ਮਾਹੌਲ ਨੂੰ ਘਟਾਉਣ ਵਿੱਚ ਮਦਦ ਮਿਲੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕਾਨੂੰਨ-ਵਿਵਸਥਾ ਨੂੰ ਕਾਇਮ ਰੱਖਣ ਲਈ ਪੁਲਿਸ ਹਰ ਸਮੇਂ ਤਿਆਰ ਹੈ ਅਤੇ ਅਪਰਾਧੀਆਂ ਨਾਲ ਸਖ਼ਤੀ ਨਾਲ ਨਜਿਠਿਆ ਜਾਵੇਗਾ।


Share & like

Leave a Reply