ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 6 ਮਾਰਚ
ਗੁਰਦਾਸਪੁਰ ਸ਼ਹਿਰ ਵਿੱਚ ਦਿਨ-ਦਿਹਾੜੇ ਹੋਈ ਕਰੋੜਾਂ ਰੁਪਏ ਦੀ ਡਕੈਤੀ ਦੇ ਮਾਮਲੇ ਵਿੱਚ ਪੁਲਿਸ ਨੂੰ ਇੱਕ ਮਹੱਤਵਪੂਰਨ ਸੁਰਾਗ ਮਿਲਿਆ ਹੈ। ਸੀਆਈਏ ਸਟਾਫ਼ ਦੀ ਟੀਮ ਨੇ ਸੁਨਿਆਰੇ ਦੇ ਘਰ ਤੋਂ ਲੁੱਟੀ ਗਈ ਕਾਰ ਨੂੰ ਹੁਸ਼ਿਆਰਪੁਰ-ਟਾਂਡਾ ਰੋਡ ਤੋਂ ਬਰਾਮਦ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਵਾਰਦਾਤ ਵਿੱਚ ਸ਼ਾਮਲ ਮੁਲਜ਼ਮਾਂ ਦੀ ਪਹਿਚਾਣ ਅਤੇ ਗ੍ਰਿਫ਼ਤਾਰੀ ਲਈ ਤਲਾਸ਼ ਤੇਜ਼ ਕਰ ਦਿੱਤੀ ਹੈ। ਪੁਲਿਸ ਦੀਆਂ ਕਈ ਟੀਮਾਂ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰ ਰਹੀਆਂ ਹਨ ਅਤੇ ਸੀਸੀਟੀਵੀ ਫੁਟੇਜ ਅਤੇ ਹੋਰ ਸੁਰਾਗਾਂ ਦੇ ਆਧਾਰ ‘ਤੇ ਜਾਂਚ ਅੱਗੇ ਵਧਾਈ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਜੇਲ੍ਹ ਰੋਡ ਸਥਿਤ ਇੰਪਰੂਵਮੈਂਟ ਟਰੱਸਟ ਦੀ ਸਕੀਮ ਨੰਬਰ-5 ਵਿੱਚ ਰਹਿੰਦੇ ਸੁਨਿਆਰੇ ਵਰੁਣ ਮਹਾਜਨ ਦੇ ਘਰ ਵੀਰਵਾਰ ਸਵੇਰੇ ਕਰੀਬ ਸਵਾ ਅੱਠ ਵਜੇ ਪੰਜ ਹਥਿਆਰਬੰਦ ਲੁਟੇਰੇ ਨਿਹੰਗਾਂ ਦੇ ਭੇਸ ਵਿੱਚ ਪਹੁੰਚੇ। ਮੁਲਜ਼ਮਾਂ ਨੇ ਘਰ ਦਾ ਦਰਵਾਜ਼ਾ ਖੁਲਵਾਉਣ ਤੋਂ ਬਾਅਦ ਤੁਰੰਤ ਘਰ ਵਿੱਚ ਦਾਖਲ ਹੋ ਕੇ ਪਰਿਵਾਰਕ ਮੈਂਬਰਾਂ ਨੂੰ ਹਥਿਆਰਾਂ ਦੀ ਨੋਕ ‘ਤੇ ਬੰਧਕ ਬਣਾ ਲਿਆ।
ਲੁਟੇਰਿਆਂ ਨੇ ਕਰੀਬ ਡੇਢ ਘੰਟੇ ਤੱਕ ਘਰ ਦੀ ਤਲਾਸ਼ੀ ਲਈ ਅਤੇ ਘਰ ਵਿੱਚ ਮੌਜੂਦ ਨਕਦੀ, ਸੋਨੇ-ਚਾਂਦੀ ਦੇ ਗਹਿਣੇ ਅਤੇ ਹੋਰ ਕੀਮਤੀ ਸਮਾਨ ਇਕੱਠਾ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਕਰੋੜਾਂ ਰੁਪਏ ਦੇ ਗਹਿਣੇ ਅਤੇ ਨਕਦੀ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ। ਵਾਰਦਾਤ ਦੌਰਾਨ ਉਨ੍ਹਾਂ ਨੇ ਪਰਿਵਾਰ ਨੂੰ ਇੱਕ ਕਮਰੇ ਵਿੱਚ ਬੰਧਕ ਬਣਾ ਕੇ ਰੱਖਿਆ ਹੋਇਆ ਸੀ, ਜਿਸ ਕਾਰਨ ਕੋਈ ਵੀ ਬਾਹਰ ਨਿਕਲ ਕੇ ਮਦਦ ਨਹੀਂ ਮੰਗ ਸਕਿਆ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਜਾਂਦੇ ਸਮੇਂ ਪਰਿਵਾਰ ਦੇ ਮੋਬਾਈਲ ਫ਼ੋਨ ਵੀ ਆਪਣੇ ਨਾਲ ਲੈ ਗਏ ਤਾਂ ਜੋ ਤੁਰੰਤ ਪੁਲਿਸ ਨੂੰ ਸੂਚਨਾ ਨਾ ਦਿੱਤੀ ਜਾ ਸਕੇ। ਇਸ ਤੋਂ ਇਲਾਵਾ ਘਰ ਦੇ ਬਾਹਰ ਖੜ੍ਹੀ ਕਾਰ ਵੀ ਲੁੱਟ ਕੇ ਨਾਲ ਲੈ ਗਏ। ਲੁਟੇਰਿਆਂ ਨੇ ਆਪਣੀ ਪਛਾਣ ਛੁਪਾਉਣ ਲਈ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵੀ ਉਤਾਰ ਕੇ ਆਪਣੇ ਨਾਲ ਲੈ ਲਏ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਪੁਲਿਸ ਨੇ ਇਲਾਕੇ ਦੀ ਨਾਕਾਬੰਦੀ ਕਰਕੇ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲਣੀ ਸ਼ੁਰੂ ਕਰ ਦਿੱਤੀ।

ਇਸ ਸਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੁੱਟੇਰਿਆਂ ਦੀ ਪਛਾਣ ਲਈ ਵੱਖ-ਵੱਖ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਕੁਝ ਮਹੱਤਵਪੂਰਨ ਸੁਰਾਗ ਵੀ ਮਿਲੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ ਅਤੇ ਲੋਕਾਂ ਨੇ ਪੁਲਿਸ ਤੋਂ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।










