Share & like

ਦਵਿੰਦਰਜੀਤ ਸਿੰਘ/ਜਤਿੰਦਰ ਬੈਂਸ
ਦੋਰਾਂਗਲਾ/ਗੁਰਦਾਸਪੁਰ, 28 ਫ਼ਰਵਰੀ
ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਸਰਕਾਰ ਵੱਲੋਂ ਸਮੇਂ-ਸਮੇਂ ਤੇ ਮੁਹੱਈਆ ਕਰਵਾਈਆਂ ਜਾਣ ਵਾਲੀਆਂ ਗਰਾਂਟਾਂ ਦਾ ਸਦਪਯੋਗ ਕਰਦੇ ਹੋਏ ਅਧਿਆਪਕਾਂ ਨੂੰ ਅਧਿਆਪਨ ਸਹਾਇਕ ਸਮੱਗਰੀ (ਟੀ.ਐਲ.ਐਮ.) ਤਿਆਰ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਉਦੇਸ਼ ਅਧੀਨ ਬਲਾਕ ਦੋਰਾਂਗਲਾ ਦੇ ਚਾਰ ਸੈਂਟਰ ਗੰਜਾ, ਡੁੱਗਰੀ, ਨੌਸ਼ਹਿਰਾ ਅਤੇ ਵਜ਼ੀਰਪੁਰ ਦੇ ਪ੍ਰੀ-ਪ੍ਰਾਇਮਰੀ ਅਧਿਆਪਕਾਂ ਲਈ ਟੀ.ਐਲ.ਐਮ. ਵਰਕਸ਼ਾਪ ਦਾ ਆਯੋਜਨ ਸੈਂਟਰ ਪ੍ਰਾਇਮਰੀ ਸਕੂਲ ਗੰਜਾ ਵਿਖੇ ਕੀਤਾ ਗਿਆ।

ਵਰਕਸ਼ਾਪ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀ ਨਰੇਸ਼ ਪਨਿਆੜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪ੍ਰਥਮ ਜ਼ਿਲ੍ਹਾ ਕੋਆਰਡੀਨੇਟਰ ਅੰਜਲੀ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਕਰਵਾਈ ਗਈ। ਇਸ ਮੌਕੇ ਸ੍ਰੀ ਨਰੇਸ਼ ਪਨਿਆੜ ਨੇ ਕਿਹਾ ਕਿ ਟੀ.ਐਲ.ਐਮ. ਵਰਕਸ਼ਾਪ ਅਧਿਆਪਕਾਂ ਲਈ ਇੱਕ ਮਹੱਤਵਪੂਰਨ ਸਿਖਲਾਈ ਪ੍ਰਕਿਰਿਆ ਹੈ, ਜਿਸ ਵਿੱਚ ਘੱਟ ਲਾਗਤ ਜਾਂ ਬਿਨਾਂ ਲਾਗਤ ਵਾਲੀ ਸਮੱਗਰੀ ਦੀ ਵਰਤੋਂ ਕਰਕੇ ਪ੍ਰਭਾਵਸ਼ਾਲੀ ਸਿੱਖਣ-ਸਿਖਾਉਣ ਵਾਲੀ ਸਮੱਗਰੀ ਤਿਆਰ ਕਰਨੀ ਸਿਖਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਮਕਸਦ ਸਿੱਖਿਆ ਨੂੰ ਦਿਲਚਸਪ ਅਤੇ ਸਰਗਰਮ ਬਣਾਉਣਾ ਹੈ ਅਤੇ ਅਜਿਹੀਆਂ ਵਰਕਸ਼ਾਪਾਂ ਲਗਾਤਾਰ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ ਤਾਂ ਜੋ ਅਧਿਆਪਕਾਂ ਵਿੱਚ ਨਵੀਂ ਊਰਜਾ ਦਾ ਸੰਚਾਰ ਹੋ ਸਕੇ।

ਪ੍ਰਥਮ ਜ਼ਿਲ੍ਹਾ ਕੋਆਰਡੀਨੇਟਰ ਅੰਜਲੀ ਸ਼ਰਮਾ ਨੇ ਕਿਹਾ ਕਿ ਟੀ.ਐਲ.ਐਮ. ਵਰਕਸ਼ਾਪ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਰਚਨਾਤਮਕ ਅਤੇ ਖੇਡ-ਖੇਡ ਵਿੱਚ ਸਿੱਖਣ ਵਾਲੀ ਸਮੱਗਰੀ ਬਣਾਉਣ ਲਈ ਪ੍ਰੇਰਿਤ ਕਰਨਾ ਹੈ, ਜਿਸ ਨਾਲ ਸਿੱਖਿਆ ਸਰਲ ਅਤੇ ਰੁਚਿਕਰ ਬਣ ਸਕੇ। ਉਨ੍ਹਾਂ ਦੱਸਿਆ ਕਿ ਆਲੇ-ਦੁਆਲੇ ਦੀਆਂ ਟੁੱਟੀਆਂ-ਫੁੱਟੀਆਂ ਚੀਜ਼ਾਂ ਦੀ ਵਰਤੋਂ ਕਰਕੇ ਵੀ ਅਧਿਆਪਨ ਸਹਾਇਕ ਸਮੱਗਰੀ ਤਿਆਰ ਕੀਤੀ ਜਾ ਸਕਦੀ ਹੈ, ਜਿਸ ਨਾਲ ਬੱਚਿਆਂ ਦੀ ਪੜ੍ਹਾਈ ਪ੍ਰਤੀ ਦਿਲਚਸਪੀ ਵਧਦੀ ਹੈ ਅਤੇ ਉਨ੍ਹਾਂ ਦੇ ਸਿੱਖਣ ਕੌਸ਼ਲਾਂ ਵਿੱਚ ਵੀ ਵਾਧਾ ਹੁੰਦਾ ਹੈ।

ਇਸ ਦੌਰਾਨ ਪ੍ਰਥਮ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਸੁਨੀਤਾ ਦੇਵੀ ਅਤੇ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਪੂਜਾ ਨੇ ਅਧਿਆਪਕਾਂ ਨੂੰ ਹੱਥੀਂ ਟੀ.ਐਲ.ਐਮ. ਬਣਾਉਣ ਦੇ ਆਸਾਨ ਅਤੇ ਮਜ਼ੇਦਾਰ ਤਰੀਕੇ ਸਿਖਾਏ।
ਵਰਕਸ਼ਾਪ ਵਿੱਚ ਸੈਂਟਰ ਹੈਡ ਟੀਚਰ ਗੰਜਾ ਅਤੁਲ ਮਹਾਜਨ, ਮੈਡਮ ਰਵਿੰਦਰ ਕੌਰ, ਮਨਜੀਤ ਕੌਰ, ਜੀਵਨ ਲਤਾ, ਹੀਰਾ ਸਿੰਘ, ਸੁਖਜਿੰਦਰ ਸਿੰਘ, ਮਨਜੀਤ ਕੁਮਾਰ, ਅਮਨਦੀਪ ਸਿੰਘ, ਬਲਵਿੰਦਰ ਕੁਮਾਰ ਅਤੇ ਬਲਵਿੰਦਰ ਕੌਰ ਸਮੇਤ ਹੋਰ ਅਧਿਆਪਕ ਹਾਜ਼ਰ ਸਨ।


Share & like

Leave a Reply