Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 28 ਫਰਵਰੀ: ਪੰਜਾਬ ਸਰਕਾਰ ਵੱਲੋਂ ਰਾਜ ਦੇ 117 ਸਕੂਲ ਆਫ ਐਮੀਨੈਂਸ ਵਿੱਚ ਹਰ ਸਾਲ 9ਵੀਂ ਅਤੇ 11ਵੀਂ ਜਮਾਤ ਵਿੱਚ ਦਾਖਲਾ ਟੈਸਟ ਦੇ ਆਧਾਰ ’ਤੇ ਦਾਖਲੇ ਕੀਤੇ ਜਾਂਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫਸਰ (ਡੀ.ਈ.ਓ.) ਸ੍ਰੀਮਤੀ ਪਰਮਜੀਤ ਕੌਰ ਅਤੇ ਜ਼ਿਲ੍ਹਾ ਨੋਡਲ ਅਫਸਰ ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਦਾਖਲਾ ਟੈਸਟ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਦੇ ਰੋਲ ਨੰਬਰ ਜਾਰੀ ਕਰ ਦਿੱਤੇ ਗਏ ਹਨ। ਵਿਦਿਆਰਥੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਕ ਵੈਬਸਾਈਟ ਤੋਂ ਆਪਣੇ ਰੋਲ ਨੰਬਰ ਡਾਊਨਲੋਡ ਕਰ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਇਸ ਸਾਲ 9ਵੀਂ ਜਮਾਤ ਲਈ 5952 ਅਤੇ 11ਵੀਂ ਜਮਾਤ ਲਈ 6980 ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ। ਦਾਖਲਾ ਟੈਸਟ 01 ਮਾਰਚ 2026 ਨੂੰ ਸਵੇਰੇ 11:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਕਰਵਾਇਆ ਜਾਵੇਗਾ। ਪੂਰੇ ਜ਼ਿਲ੍ਹੇ ਵਿੱਚ 48 ਪ੍ਰੀਖਿਆ ਕੇਂਦਰ ਬਣਾਏ ਗਏ ਹਨ ਅਤੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਸ੍ਰੀ ਪੁਰੇਵਾਲ ਨੇ ਅਪੀਲ ਕੀਤੀ ਕਿ ਵਿਦਿਆਰਥੀ ਆਪਣੇ ਰੋਲ ਨੰਬਰ ਦੀ ਤਸਦੀਕ ਸਕੂਲ ਦੇ ਪ੍ਰਿੰਸੀਪਲ ਤੋਂ ਕਰਵਾ ਕੇ ਨਿਰਧਾਰਿਤ ਸਮੇਂ ਤੋਂ ਦੋ ਘੰਟੇ ਪਹਿਲਾਂ ਪ੍ਰੀਖਿਆ ਕੇਂਦਰ ’ਤੇ ਪਹੁੰਚਣ। ਕਿਸੇ ਵੀ ਵਿਦਿਆਰਥੀ ਨੂੰ ਮੋਬਾਇਲ ਫੋਨ ਜਾਂ ਹੋਰ ਕਿਸੇ ਇਲੈਕਟ੍ਰੋਨਿਕ ਡਿਵਾਈਸ ਲੈ ਕੇ ਆਉਣ ਦੀ ਆਗਿਆ ਨਹੀਂ ਹੋਵੇਗੀ।
ਉਨ੍ਹਾਂ ਹੋਰ ਦੱਸਿਆ ਕਿ ਜ਼ਿਲ੍ਹੇ ਵਿੱਚ ਤਿੰਨ ਸਕੂਲ ਆਫ ਐਮੀਨੈਂਸ ਚੱਲ ਰਹੇ ਹਨ—ਸਕੂਲ ਆਫ ਐਮੀਨੈਂਸ ਬਟਾਲਾ, ਸਕੂਲ ਆਫ ਐਮੀਨੈਂਸ ਗੁਰਦਾਸਪੁਰ ਅਤੇ ਸਕੂਲ ਆਫ ਐਮੀਨੈਂਸ ਸ੍ਰੀ ਹਰਗੋਬਿੰਦਰਪੁਰ ਸਾਹਿਬ। ਟੈਸਟ ਪਾਸ ਕਰਨ ਵਾਲੇ ਵਿਦਿਆਰਥੀ ਆਪਣੇ 40 ਕਿਲੋਮੀਟਰ ਦੇ ਘੇਰੇ ਅੰਦਰ ਆਉਂਦੇ ਫੀਡਰ ਸਕੂਲ ਵਿੱਚ ਦਾਖਲਾ ਲੈ ਸਕਣਗੇ। ਚੁਣੇ ਗਏ ਵਿਦਿਆਰਥੀਆਂ ਨੂੰ 4000 ਰੁਪਏ ਮੁੱਲ ਦੀ ਮੁਫ਼ਤ ਯੂਨੀਫਾਰਮ ਅਤੇ ਬੱਸ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ।
ਕੇਵਲ ਇਸ ਸਾਲ 8ਵੀਂ ਅਤੇ 10ਵੀਂ ਜਮਾਤ ਵਿੱਚ ਅਪੀਅਰ ਹੋ ਰਹੇ ਵਿਦਿਆਰਥੀ ਹੀ ਟੈਸਟ ਲਈ ਯੋਗ ਹਨ। ਹਰ ਸਕੂਲ ਵਿੱਚ 9ਵੀਂ ਜਮਾਤ ਲਈ 36 ਸੀਟਾਂ ਅਤੇ 11ਵੀਂ ਜਮਾਤ ਵਿੱਚ ਸਾਇੰਸ ਮੈਡੀਕਲ, ਨਾਨ-ਮੈਡੀਕਲ, ਆਰਟਸ ਅਤੇ ਕਾਮਰਸ ਲਈ ਪ੍ਰਤੀ ਸਟਰੀਮ 32 ਸੀਟਾਂ ਦੇ ਹਿਸਾਬ ਨਾਲ ਕੁੱਲ 128 ਸੀਟਾਂ ਰੱਖੀਆਂ ਗਈਆਂ ਹਨ। ਇਸ ਤੋਂ ਇਲਾਵਾ ਮੈਰੀਟੋਰੀਅਸ ਸਕੂਲ ਗੁਰਦਾਸਪੁਰ ਵਿੱਚ ਮੈਡੀਕਲ ਲਈ 300, ਨਾਨ-ਮੈਡੀਕਲ ਲਈ 100 ਅਤੇ ਕਾਮਰਸ ਲਈ 100 ਵਿਦਿਆਰਥੀਆਂ ਦੀ ਚੋਣ ਕੀਤੀ ਜਾਵੇਗੀ।
ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੇ ਸਮੂਹ ਮਾਪਿਆਂ ਅਤੇ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਹੈ ਕਿ ਟੈਸਟ ਵਿੱਚ ਵਿਦਿਆਰਥੀਆਂ ਦੀ ਸੌ ਫੀਸਦੀ ਹਾਜ਼ਰੀ ਯਕੀਨੀ ਬਣਾਈ ਜਾਵੇ।

ਕੈਪਸ਼ਨ: ਦਾਖਲਾ ਟੈਸਟ ਲਈ ਕੀਤੀਆਂ ਤਿਆਰੀਆਂ ਦਾ ਦ੍ਰਿਸ਼।


Share & like

Leave a Reply