Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 24 ਫਰਵਰੀ
ਸਰਕਾਰੀ ਕਾਲਜ ਗੁਰਦਾਸਪੁਰ ਵਿੱਚ 55ਵਾਂ ਦੋ ਦਿਨਾਂ ਸਲਾਨਾ ਖੇਡ ਸਮਾਰੋਹ ਬੜੇ ਉਤਸ਼ਾਹ ਅਤੇ ਜੋਸ਼ ਨਾਲ ਸ਼ੁਰੂ ਹੋਇਆ। ਕਾਲਜ ਕੈਂਪਸ ਵਿੱਚ ਮਨਾਏ ਜਾ ਰਹੇ ਇਸ ਖੇਡ ਮੇਲੇ ਵਿੱਚ ਵਿਦਿਆਰਥੀਆਂ ਦੀ ਭਾਰੀ ਸ਼ਮੂਲੀਅਤ ਦੇਖਣ ਨੂੰ ਮਿਲੀ।

ਸਮਾਰੋਹ ਦੇ ਮੁੱਖ ਮਹਿਮਾਨ ਵਜੋਂ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਸ਼ਿਰਕਤ ਕੀਤੀ, ਜਦਕਿ ਡਾ. ਅਮਨਦੀਪ ਕੌਰ, ਪ੍ਰਿੰਸੀਪਲ ਸਪੋਰਟਸ ਕਾਲਜ ਕਾਲਾ ਅਫਗਾਨਾ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ।
ਸਮਾਰੋਹ ਦੀ ਸ਼ੁਰੂਆਤ ਵਿਦਿਆਰਥੀਆਂ ਦੇ ਸ਼ਾਨਦਾਰ ਮਾਰਚ ਪਾਸਟ ਨਾਲ ਹੋਈ। ਇਸ ਤੋਂ ਬਾਅਦ ਝੰਡਾ ਲਹਿਰਾਉਣ ਅਤੇ ਗੁਬਾਰੇ ਉਡਾ ਕੇ ਖੇਡ ਮੇਲੇ ਨੂੰ ਆਧਿਕਾਰਕ ਤੌਰ ‘ਤੇ ਹਰੀ ਝੰਡੀ ਦਿੱਤੀ ਗਈ। ਇਸ ਮੌਕੇ ਖਿਡਾਰੀਆਂ ਨੇ ਖੇਡਾਂ ਪ੍ਰਤੀ ਜ਼ਿੰਮੇਵਾਰੀ, ਇਮਾਨਦਾਰੀ ਅਤੇ ਵਫ਼ਾਦਾਰੀ ਦਾ ਪ੍ਰਣ ਲਿਆ।
ਕਾਲਜ ਦੇ ਪ੍ਰਿੰਸੀਪਲ ਡਾ. ਅਸ਼ਵਨੀ ਕੁਮਾਰ ਭੱਲਾ ਨੇ ਆਪਣੇ ਸੰਬੋਧਨ ਦੌਰਾਨ ਵਿਦਿਆਰਥੀਆਂ ਨੂੰ ਖੇਡਾਂ ਨੂੰ ਜੀਵਨ ਦਾ ਅਹਿਮ ਹਿੱਸਾ ਬਣਾਉਣ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਮਨੁੱਖੀ ਜੀਵਨ ਵਿੱਚ ਅਨੁਸ਼ਾਸਨ ਅਤੇ ਆਤਮਵਿਸ਼ਵਾਸ ਪੈਦਾ ਕਰਦੀਆਂ ਹਨ।
ਮੁੱਖ ਮਹਿਮਾਨ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਉਹ ਖੁਦ ਵਿਦਿਆਰਥੀ ਜੀਵਨ ਦੌਰਾਨ ਇੱਕ ਅਥਲੀਟ ਰਹੇ ਹਨ ਅਤੇ 800 ਮੀਟਰ ਦੌੜ ਵਿੱਚ 49.5 ਸਕਿੰਟ ਦਾ ਰਿਕਾਰਡ ਬਣਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਲਗਨ, ਅਨੁਸ਼ਾਸਨ ਅਤੇ ਨਿਰੰਤਰ ਅਭਿਆਸ ਨਾਲ ਹਰ ਲਕਸ਼ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਾਲਜ ਪ੍ਰਸ਼ਾਸਨ ਦੀ ਪ੍ਰਸ਼ੰਸਾ ਕਰਦਿਆਂ ਭਰੋਸਾ ਦਿਵਾਇਆ ਕਿ ਯੂਨੀਵਰਸਿਟੀ ਵੱਲੋਂ ਕਾਲਜ ਵਿੱਚ ਖੇਡ ਸੱਭਿਆਚਾਰ ਨੂੰ ਹੋਰ ਮਜ਼ਬੂਤ ਕਰਨ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਖੇਡ ਸਮਾਰੋਹ ਦੌਰਾਨ 100 ਮੀਟਰ, 500 ਮੀਟਰ, 800 ਮੀਟਰ ਦੌੜ, ਸ਼ਾਟ ਪੁੱਟ, ਲੰਬੀ ਛਾਲ ਅਤੇ ਜੈਵਲਿਨ ਥਰੋ ਵਰਗੀਆਂ ਵੱਖ-ਵੱਖ ਖੇਡ ਗਤੀਵਿਧੀਆਂ ਕਰਵਾਈਆਂ ਗਈਆਂ। ਲੜਕਿਆਂ ਅਤੇ ਲੜਕੀਆਂ ਲਈ ਵੱਖ-ਵੱਖ ਮੁਕਾਬਲੇ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿੱਚ ਵਿਦਿਆਰਥੀਆਂ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ।

25 ਫਰਵਰੀ ਨੂੰ ਹੋਣ ਵਾਲੇ ਸਮਾਪਨ ਸਮਾਰੋਹ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਕਲਚਰਲ ਅਫੇਅਰ ਪ੍ਰੋਫੈਸਰ ਅਮਨਦੀਪ ਸਿੰਘ ਵੱਲੋਂ ਕੀਤੀ ਜਾਵੇਗੀ।


Share & like

Leave a Reply