ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 24 ਫਰਵਰੀ:
ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਦੀਨਾਨਗਰ-2 ਅਧੀਨ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਤਾਲਿਬਪੁਰ ਵਿੱਚ ਪ੍ਰੀ-ਪ੍ਰਾਇਮਰੀ ਅਧਿਆਪਕਾਂ ਲਈ ‘ਹੈਂਡ ਮੇਡ ਮਟੀਰੀਅਲ’ (ਹੱਥੀਂ ਤਿਆਰ ਸਿੱਖਣ ਸਮੱਗਰੀ) ਸੰਬੰਧੀ ਇੱਕ ਰੋਜ਼ਾ ਵਰਕਸ਼ਾਪ ਦਾ ਸਫਲ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਪ੍ਰੀ-ਪ੍ਰਾਇਮਰੀ ਬੱਚਿਆਂ ਲਈ ਸਿੱਖਣ ਪ੍ਰਕਿਰਿਆ ਨੂੰ ਦਿਲਚਸਪ, ਰਚਨਾਤਮਕ ਅਤੇ ਖੇਡ-ਖੇਡ ਵਿੱਚ ਪ੍ਰਭਾਵਸ਼ਾਲੀ ਬਣਾਉਣਾ ਸੀ।

ਵਰਕਸ਼ਾਪ ਦੌਰਾਨ ਅਧਿਆਪਕਾਂ ਨੇ ਘੱਟ ਲਾਗਤ ਨਾਲ ਸਥਾਨਕ ਸਾਧਨਾਂ ਦੀ ਵਰਤੋਂ ਕਰਦਿਆਂ ਬੱਚਿਆਂ ਲਈ ਵੱਖ-ਵੱਖ ਕਿਸਮ ਦੀ ਸਿੱਖਣ ਸਮੱਗਰੀ ਤਿਆਰ ਕੀਤੀ। ਇਸ ਵਿੱਚ ਗਿਣਤੀ ਅਤੇ ਅੱਖਰਾਂ ਦੀ ਪਹਿਚਾਣ ਲਈ ਸਾਧਨ, ਰੰਗ-ਪਛਾਣ ਸਮੱਗਰੀ, ਚਿੱਤਰਮਯ ਚਾਰਟ, ਆਕਾਰ ਪਹਿਚਾਣ ਕਾਰਡ ਅਤੇ ਹੋਰ ਰੁਚਿਕਰ ਸਹਾਇਕ ਮਾਡਲ ਸ਼ਾਮਲ ਸਨ। ਅਧਿਆਪਕਾਂ ਵੱਲੋਂ ਤਿਆਰ ਕੀਤੀ ਸਮੱਗਰੀ ਨੇ ਸਭ ਦੀ ਵਾਹ-ਵਾਹ ਖੱਟੀ।
ਸਿੱਖਿਆ ਬਲਾਕ ਦੀਨਾਨਗਰ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਗੁਰਇਕਬਾਲ ਸਿੰਘ ਗੋਰਾਇਆ ਵੱਲੋਂ ਵਰਕਸ਼ਾਪ ਦਾ ਵਿਸ਼ੇਸ਼ ਤੌਰ ‘ਤੇ ਦੌਰਾ ਕੀਤਾ ਗਿਆ। ਉਨ੍ਹਾਂ ਅਧਿਆਪਕਾਂ ਨਾਲ ਰੁਬਰੂ ਹੋ ਕੇ ਤਿਆਰ ਕੀਤੀ ਸਮੱਗਰੀ ਦਾ ਜਾਇਜ਼ਾ ਲਿਆ ਅਤੇ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਅਧਿਆਪਕਾਂ ਨੂੰ ਨਵੀਨਤਮ ਜਾਣਕਾਰੀ ਅਤੇ ਰਚਨਾਤਮਕ ਸੋਚ ਪ੍ਰਦਾਨ ਕਰਦੀਆਂ ਹਨ, ਜਿਸ ਨਾਲ ਬੱਚਿਆਂ ਦੇ ਬੌਧਿਕ, ਭਾਵਨਾਤਮਕ ਅਤੇ ਰਚਨਾਤਮਕ ਵਿਕਾਸ ਨੂੰ ਮਜ਼ਬੂਤੀ ਮਿਲਦੀ ਹੈ।

ਵਰਕਸ਼ਾਪ ਦੌਰਾਨ ਪ੍ਰਥਮ ਐਜੂਕੇਸ਼ਨ ਫਾਊਂਡੇਸ਼ਨ ਦੀ ਜ਼ਿਲ੍ਹਾ ਕੋਆਰਡੀਨੇਟਰ ਅੰਜਲੀ ਸ਼ਰਮਾ, ਅਸਿਸਟੈਂਟ ਜ਼ਿਲ੍ਹਾ ਕੋਆਰਡੀਨੇਟਰ ਸੁਨੀਤਾ ਅਤੇ ਪੂਜਾ ਵੱਲੋਂ ਅਧਿਆਪਕਾਂ ਨੂੰ ਹੱਥੀਂ ਸਿੱਖਣ ਸਮੱਗਰੀ ਤਿਆਰ ਕਰਨ ਬਾਰੇ ਵਿਸਥਾਰਪੂਰਵਕ ਸਿਖਲਾਈ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਪ੍ਰੀ-ਪ੍ਰਾਇਮਰੀ ਪੱਧਰ ‘ਤੇ ਦ੍ਰਿਸ਼ਟੀਗੋਚਰ ਅਤੇ ਛੂਹਣਯੋਗ ਸਮੱਗਰੀ ਬੱਚਿਆਂ ਦੀ ਸਿੱਖਣ ਦੀ ਰੁਚੀ ਵਧਾਉਂਦੀ ਹੈ ਅਤੇ ਸਿੱਖਿਆ ਨੂੰ ਮਜ਼ੇਦਾਰ ਅਤੇ ਪ੍ਰਭਾਵਸ਼ਾਲੀ ਬਣਾਉਂਦੀ ਹੈ।
ਕਲੱਸਟਰ ਤਾਲਿਬਪੁਰ ਦੇ ਸੈਂਟਰ ਮੁੱਖ ਅਧਿਆਪਕ ਸ੍ਰੀ ਨੀਰਜ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਕਲੱਸਟਰ ਤਾਲਿਬਪੁਰ, ਜਗਤਪੁਰ ਖੁਰਦ ਅਤੇ ਕ੍ਰਿਸ਼ਨਾਨਗਰ ਦੇ 24 ਸਕੂਲਾਂ ਦੇ ਪ੍ਰੀ-ਪ੍ਰਾਇਮਰੀ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੀਆਂ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਵੇਗਾ ਤਾਂ ਜੋ ਅਧਿਆਪਕ ਨਵੀਨਤਮ ਸਿੱਖਣ ਤਰੀਕਿਆਂ ਨਾਲ ਅਪਡੇਟ ਰਹਿ ਸਕਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਆਰਸੀ ਸੰਦੀਪ ਸ਼ਰਮਾ, ਬੀਆਰਸੀ ਰਣਜੀਤ ਸਿੰਘ, ਸੰਜੀਵ ਗੁਪਤਾ, ਰਮਿੰਦਰ ਕੌਰ, ਰਾਕੇਸ਼ ਕੁਮਾਰ, ਰਣਜੀਤ ਸਿੰਘ ਅਤੇ ਕੰਵਰਦੀਪ ਸਿੰਘ ਆਦਿ ਵੀ ਹਾਜ਼ਰ ਸਨ।

ਵਰਕਸ਼ਾਪ ਦੇ ਅੰਤ ਵਿੱਚ ਸਾਰੇ ਭਾਗੀਦਾਰ ਅਧਿਆਪਕਾਂ ਨੇ ਇਸ ਪ੍ਰਯਾਸ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੀਆਂ ਪ੍ਰਯੋਗਾਤਮਕ ਗਤੀਵਿਧੀਆਂ ਨਾਲ ਪ੍ਰੀ-ਪ੍ਰਾਇਮਰੀ ਸਿੱਖਿਆ ਦੀ ਗੁਣਵੱਤਾ ਵਿੱਚ ਨਿਸ਼ਚਿਤ ਤੌਰ ‘ਤੇ ਸੁਧਾਰ ਆਵੇਗਾ।










