ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 20 ਫਰਵਰੀ
ਬਲਾਕ ਦੀਨਾਨਗਰ-2 ਅਧੀਨ ਪੈਂਦੇ ਸਰਕਾਰੀ ਪ੍ਰਾਇਮਰੀ ਸਕੂਲ ਪਨਿਆੜ (ਮੁੰਡੇ) ਵਿਖੇ ਪ੍ਰੀ-ਪ੍ਰਾਇਮਰੀ ਸਿੱਖਿਆ ਨੂੰ ਹੋਰ ਰੁਚਿਕਰ ਅਤੇ ਪ੍ਰਭਾਵਸ਼ਾਲੀ ਬਣਾਉਣ ਦੇ ਮੰਤਵ ਨਾਲ ‘ਹੈਂਡ ਮੇਡ ਮਟੀਰੀਅਲ’ (ਹੱਥੀਂ ਤਿਆਰ ਸਿੱਖਣ ਸਮੱਗਰੀ) ਸੰਬੰਧੀ ਇੱਕ ਵਿਸ਼ੇਸ਼ ਵਰਕਸ਼ਾਪ ਦਾ ਸਫਲ ਆਯੋਜਨ ਕੀਤਾ ਗਿਆ। ਵਰਕਸ਼ਾਪ ਸਕੂਲਾਂ ਦੇ ਪ੍ਰੀ-ਪ੍ਰਾਇਮਰੀ ਅਧਿਆਪਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਦੇ ਹੋਏ ਉਤਸ਼ਾਹਪੂਰਵਕ ਭਾਗ ਲਿਆ।

ਵਰਕਸ਼ਾਪ ਦਾ ਮੁੱਖ ਉਦੇਸ਼ ਨੰਨ੍ਹੇ ਬੱਚਿਆਂ ਲਈ ਘੱਟ ਲਾਗਤ ਵਾਲੀ, ਰਚਨਾਤਮਕ ਅਤੇ ਖੇਡ-ਖੇਡ ਵਿੱਚ ਸਿੱਖਣ ਯੋਗ ਸਮੱਗਰੀ ਤਿਆਰ ਕਰਨਾ ਸੀ। ਅਧਿਆਪਕਾਂ ਨੇ ਘਰਾਂ ਵਿੱਚ ਮੌਜੂਦ ਆਮ ਵਰਤੋਂ ਵਾਲੀਆਂ ਚੀਜ਼ਾਂ ਨਾਲ ਸੁੰਦਰ ਚਾਰਟ, ਗਿਣਤੀ ਅਤੇ ਅੱਖਰਾਂ ਦੀ ਪਹਿਚਾਣ ਲਈ ਸਾਧਨ, ਰੰਗ-ਪਹਿਚਾਣ ਸਮੱਗਰੀ ਅਤੇ ਹੋਰ ਸਿੱਖਣ ਸਹਾਇਕ ਸਾਧਨ ਤਿਆਰ ਕੀਤੇ।
ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਗੁਰਇਕਬਾਲ ਸਿੰਘ ਗੋਰਾਇਆ ਅਤੇ ਬੀਆਰਸੀ ਰਣਜੀਤ ਸਿੰਘ ਨੇ ਉਚੇਚੇ ਤੌਰ ’ਤੇ ਵਰਕਸ਼ਾਪ ਦਾ ਨਿਰੀਖਣ ਕੀਤਾ। ਇਸ ਮੌਕੇ ਸੈਂਟਰ ਮੁੱਖ ਅਧਿਆਪਕਾ ਸ਼੍ਰੀਮਤੀ ਕੁਸਮ ਕਲੀ ਵੀ ਹਾਜ਼ਰ ਸਨ।

ਅਧਿਕਾਰੀਆਂ ਨੇ ਅਧਿਆਪਕਾਂ ਵੱਲੋਂ ਤਿਆਰ ਕੀਤੀ ਸਮੱਗਰੀ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਬੌਧਿਕ ਅਤੇ ਰਚਨਾਤਮਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।
ਵਰਕਸ਼ਾਪ ਦੌਰਾਨ ਪ੍ਰਥਮ ਐਜੂਕੇਸ਼ਨ ਫਾਊਂਡੇਸ਼ਨ ਦੀ ਜ਼ਿਲ੍ਹਾ ਕੋਆਰਡੀਨੇਟਰ ਅੰਜਲੀ ਸ਼ਰਮਾ, ਅਸਿਸਟੈਂਟ ਜ਼ਿਲ੍ਹਾ ਕੋਆਰਡੀਨੇਟਰ ਸੁਨੀਤਾ ਅਤੇ ਪੂਜਾ ਦੀ ਅਗਵਾਈ ਹੇਠ ਅਧਿਆਪਕਾਂ ਨੂੰ ਹੱਥੀਂ ਸਿੱਖਣ ਸਮੱਗਰੀ ਤਿਆਰ ਕਰਨ ਬਾਰੇ ਵਿਸਥਾਰਪੂਰਵਕ ਸਿਖਲਾਈ ਦਿੱਤੀ ਗਈ। ਉਨ੍ਹਾਂ ਨੇ ਦੱਸਿਆ ਕਿ ਪ੍ਰੀ-ਪ੍ਰਾਇਮਰੀ ਪੱਧਰ ’ਤੇ ਦ੍ਰਿਸ਼ਟੀਗੋਚਰ ਅਤੇ ਛੂਹਣਯੋਗ ਸਾਧਨ ਬੱਚਿਆਂ ਦੀ ਸਿੱਖਣ ਦੀ ਰੁਚੀ ਨੂੰ ਵਧਾਉਂਦੇ ਹਨ ਅਤੇ ਸਿੱਖਿਆ ਨੂੰ ਮਜ਼ੇਦਾਰ ਬਣਾਉਂਦੇ ਹਨ।

ਅਖੀਰ ਵਿੱਚ ਅਧਿਕਾਰੀਆਂ ਵੱਲੋਂ ਇਸ ਸਾਂਝੇ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਅਧਿਆਪਕਾਂ ਨੂੰ ਭਵਿੱਖ ਵਿੱਚ ਵੀ ਨਵੀਨਤਮ ਤਰੀਕਿਆਂ ਨਾਲ ਸਿੱਖਿਆ ਪ੍ਰਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਹ ਉਮੀਦ ਜਤਾਈ ਗਈ ਕਿ ਤਿਆਰ ਕੀਤੀ ਸਮੱਗਰੀ ਨੰਨ੍ਹੇ ਵਿਦਿਆਰਥੀਆਂ ਨੂੰ ਖੇਡ-ਖੇਡ ਵਿੱਚ ਸਿੱਖਣ ਲਈ ਪ੍ਰੇਰਿਤ ਕਰੇਗੀ ਅਤੇ ਉਨ੍ਹਾਂ ਦੀ ਬੁਨਿਆਦੀ ਸਮਝ ਨੂੰ ਮਜ਼ਬੂਤ ਬਣਾਏਗੀ।












