22 ਅਤੇ 26 ਫਰਵਰੀ ਦੇ ਪ੍ਰਦਰਸ਼ਨਾਂ ਵਿੱਚ ਵੱਡੀ ਸ਼ਮੂਲੀਅਤ ਦੀ ਅਪੀਲ
ਬਠਿੰਡਾ ਵਿਖੇ ਕਿਸਾਨਾਂ ‘ਤੇ ਤਸ਼ੱਦਦ ਦੀ ਨਿਖੇਧੀ, ਜਮਹੂਰੀ ਕਿਸਾਨ ਸਭਾ ਦੀ ਮੀਟਿੰਗ ‘ਚ ਅਹਿਮ ਫੈਸਲੇ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 19 ਫਰਵਰੀ
ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਗੁਰਦਾਸਪੁਰ ਦੀ ਮਾਸਿਕ ਮੀਟਿੰਗ ਅੱਜ ਸ਼ਹੀਦ ਬਲਜੀਤ ਸਿੰਘ ਭਵਨ ਵਿਖੇ ਜ਼ਿਲ੍ਹਾ ਪ੍ਰਧਾਨ ਸਾਥੀ ਹਰਜੀਤ ਸਿੰਘ ਕਾਹਲੋ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਸੂਬਾ ਪ੍ਰਧਾਨ ਸਾਥੀ ਸਨਾਮ ਸਿੰਘ ਅਜਨਾਲਾ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਥੀ ਅਜਨਾਲਾ ਨੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਤਿੱਖੀ ਆਲੋਚਨਾ ਕਰਦੇ ਹੋਏ ਕਿਹਾ ਕਿ ਅਮਰੀਕਾ ਨਾਲ ਕੀਤਾ ਗਿਆ ਨਵਾਂ ਵਪਾਰ ਸਮਝੌਤਾ ਭਾਰਤੀ ਕਿਸਾਨੀ ਲਈ ਘਾਤਕ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਜੇ ਖੇਤੀ ਵਸਤਾਂ ਨੂੰ ਇਸ ਸਮਝੌਤੇ ਵਿੱਚ ਸ਼ਾਮਿਲ ਕਰਕੇ 0% ਟੈਰਿਫ ਨਾਲ ਦੁੱਧ ਉਤਪਾਦ, ਕਣਕ, ਜਵਾਰ, ਸੋਇਆਬੀਨ ਤੇਲ, ਦਾਲਾਂ, ਆਂਡੇ, ਮੀਟ ਅਤੇ ਫਲ ਆਦਿ ਅਮਰੀਕਾ ਤੋਂ ਭਾਰਤ ਵਿੱਚ ਆਉਣ ਲੱਗੇ ਤਾਂ ਦੇਸੀ ਕਿਸਾਨਾਂ ਦੇ ਉਤਪਾਦਨ ਦੀ ਖਰੀਦ ਘਟ ਜਾਵੇਗੀ। ਇਸ ਨਾਲ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦੀ ਮੰਗ ਵੀ ਕਮਜ਼ੋਰ ਹੋ ਜਾਵੇਗੀ ਅਤੇ ਕਿਸਾਨ ਖੇਤੀ ਛੱਡਣ ਲਈ ਮਜਬੂਰ ਹੋ ਸਕਦੇ ਹਨ।
ਉਨ੍ਹਾਂ ਕਿਹਾ ਕਿ ਅਮਰੀਕਾ ਭਾਰਤੀ ਉਤਪਾਦਾਂ ‘ਤੇ 18 ਫੀਸਦੀ ਟੈਰਿਫ ਲਗਾਉਂਦਾ ਹੈ ਜਦਕਿ ਭਾਰਤ ਵੱਲੋਂ 0 ਫੀਸਦੀ ਟੈਰਿਫ ਮਨਜ਼ੂਰ ਕਰਨਾ ਅਸਮਾਨ ਵਪਾਰਕ ਨੀਤੀ ਨੂੰ ਦਰਸਾਉਂਦਾ ਹੈ। ਇਸ ਤਰ੍ਹਾਂ ਦੀ ਨੀਤੀ ਨਾਲ ਕਿਸਾਨਾਂ ਨਾਲ-साथ ਮਜ਼ਦੂਰ ਵਰਗ ਵੀ ਪ੍ਰਭਾਵਿਤ ਹੋਵੇਗਾ।
ਮੀਟਿੰਗ ਵਿੱਚ 22 ਫਰਵਰੀ ਨੂੰ ਪਠਾਨਕੋਟ ਵਿਖੇ ਬੀਜੇਪੀ ਆਗੂਆਂ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੈਰੀ ਕਲਸੀ ਦੇ ਘਰ ਅੱਗੇ ਦਿੱਤੇ ਜਾਣ ਵਾਲੇ ਧਰਨਿਆਂ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ। ਇਸ ਤੋਂ ਇਲਾਵਾ 26 ਫਰਵਰੀ ਨੂੰ ਚੰਡੀਗੜ੍ਹ ਵਿਖੇ ਸਾਂਝੇ ਮੋਰਚੇ ਵੱਲੋਂ ਕੀਤੇ ਜਾ ਰਹੇ ਵੱਡੇ ਪ੍ਰਦਰਸ਼ਨ ਵਿੱਚ ਵੀ ਭਰਪੂਰ ਹਿੱਸਾ ਲੈਣ ਦੀ ਅਪੀਲ ਕੀਤੀ ਗਈ।
ਮੀਟਿੰਗ ਦੌਰਾਨ ਬਠਿੰਡਾ ਵਿਖੇ ਕਿਸਾਨਾਂ ‘ਤੇ ਕੀਤੇ ਗਏ ਤਸ਼ੱਦਦ ਦੀ ਭਰਪੂਰ ਨਿਖੇਧੀ ਕਰਦਿਆਂ ਕਿਹਾ ਗਿਆ ਕਿ ਸਰਕਾਰ ਦੀ ਇਹ ਕਾਰਵਾਈ ਲੋਕਤੰਤਰ ਵਿਰੋਧੀ ਹੈ ਅਤੇ ਇਸਦਾ ਖਮਿਆਜ਼ਾ ਸਰਕਾਰ ਨੂੰ ਭੁਗਤਣਾ ਪਵੇਗਾ।

ਅੰਤ ਵਿੱਚ ਜਮਹੂਰੀ ਕਿਸਾਨ ਸਭਾ ਦੇ ਸਾਰੇ ਕਮੇਟੀ ਮੈਂਬਰਾਂ ਨੇ ਫੈਸਲਿਆਂ ਨੂੰ ਅਮਲੀ ਰੂਪ ਦੇਣ ਦਾ ਸੰਕਲਪ ਲਿਆ। ਇਸ ਮੌਕੇ ਸਾਥੀ ਜਗੀਰ ਸਿੰਘ ਸਲਾਚ, ਮੱਖਣ ਸਿੰਘ ਕੁਹਾੜ, ਰਘਬੀਰ ਸਿੰਘ ਚਾਹਲ, ਅਜੀਤ ਸਿੰਘ ਹੁੰਦਲ, ਗੁਰਮੀਤ ਸਿੰਘ ਥਾਣੇਵਾਲ, ਬਲਜੀਤ ਸਿੰਘ ਕਲਾਨੌਰ, ਵੀਰ ਸਿੰਘ, ਦਿਲਬਾਗ ਸਿੰਘ, ਬਲਪ੍ਰੀਤ ਸਿੰਘ ਘਰਾਲਾ, ਕੁਲਜੀਤ ਸਿੰਘ ਸਿੱਧਵਾਂ ਜਮੀਤਾ, ਬਲਵੰਤ ਸਿੰਘ ਫਜ਼ਲਾਬਾਦ, ਕੁਲਜੀਤ ਸਿੰਘ ਰੰਧਾਵਾ, ਪੁਸ਼ਪਿੰਦਰ ਸਿੰਘ ਅਤੇ ਮਹਿੰਦਰ ਸਿੰਘ ਸ਼ਾਹਪੁਰ ਜਾਜਨ ਆਦਿ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।










