Share & like

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਤਿੱਖਾ ਵਿਰੁੱਧ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 17 ਫ਼ਰਵਰੀ
ਗੁਰਦਾਸਪੁਰ ਦੇ ਪਿੰਡ ਚੌੜਾ ਖੁਰਦ ਵਿੱਚ ਅੱਜ ਉਸ ਵੇਲੇ ਤਣਾਅਪੂਰਨ ਸਥਿਤੀ ਬਣ ਗਈ ਜਦੋਂ ਪੁਲਿਸ ਪ੍ਰਸ਼ਾਸਨ, ਤਹਿਸੀਲਦਾਰ ਕਲਾਨੌਰ ਅਤੇ ਬੈਂਕ ਅਧਿਕਾਰੀ ਕਿਸਾਨ ਆਗੂ ਜਗਰੂਪ ਸਿੰਘ (ਸਪੁੱਤਰ ਪਲਵਿੰਦਰ ਸਿੰਘ) ਦੇ ਘਰ ਦੀ ਕੁਰਕੀ ਕਰਨ ਪਹੁੰਚੇ। ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਅਤੇ ਪਿੰਡ ਵਾਸੀਆਂ ਦੇ ਡੱਟੇ ਵਿਰੋਧ ਕਾਰਨ ਪ੍ਰਸ਼ਾਸਨ ਨੂੰ ਬਿਨਾਂ ਕਾਰਵਾਈ ਕੀਤੇ ਵਾਪਸ ਮੁੜਨਾ ਪਿਆ।

ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਪਲਵਿੰਦਰ ਸਿੰਘ ਨੇ ਪਿਰਾਮਿਨ ਫਿਨਾਇੰਸ ਏਜੰਸੀ ਤੋਂ ਘਰ ਬਣਾਉਣ ਲਈ 19 ਲੱਖ ਰੁਪਏ ਦਾ ਲੋਨ ਮਨਜ਼ੂਰ ਕਰਵਾਇਆ ਸੀ, ਪਰ ਉਸਦੇ ਖਾਤੇ ਵਿੱਚ ਸਿਰਫ 14 ਲੱਖ ਰੁਪਏ ਹੀ ਜਮ੍ਹਾਂ ਕੀਤੇ ਗਏ। ਬਾਅਦ ਵਿੱਚ ਵਿਆਜ ਜੋੜ ਕੇ ਰਕਮ 26 ਲੱਖ ਰੁਪਏ ਦੱਸ ਦਿੱਤੀ ਗਈ। ਘਰੇਲੂ ਆਰਥਿਕ ਹਾਲਾਤ ਕਮਜ਼ੋਰ ਹੋਣ ਕਾਰਨ ਕਿਸ਼ਤਾਂ ਅਦਾ ਨਾ ਹੋ ਸਕੀਆਂ, ਜਿਸ ਤੋਂ ਬਾਅਦ ਕੰਪਨੀ ਵੱਲੋਂ ਕੁਰਕੀ ਦਾ ਨੋਟਿਸ ਜਾਰੀ ਕੀਤਾ ਗਿਆ ਸੀ।
ਅੱਜ ਪ੍ਰਸ਼ਾਸਨ ਦੀ ਮਦਦ ਨਾਲ ਕੁਰਕੀ ਦੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਨੇ ਇਸਨੂੰ ਗੈਰ-ਨਿਆਂਇਕ ਕਰਾਰ ਦਿੰਦੇ ਹੋਏ ਤਿੱਖਾ ਵਿਰੋਧ ਕੀਤਾ। ਜੋਨ ਇੰਚਾਰਜ ਜਤਿੰਦਰ ਸਿੰਘ ਚੀਮਾ ਨੇ ਕਿਹਾ ਕਿ ਜਥੇਬੰਦੀ ਕਿਸੇ ਵੀ ਕੀਮਤ ‘ਤੇ ਘਰ ਦੀ ਕੁਰਕੀ ਨਹੀਂ ਹੋਣ ਦੇਵੇਗੀ ਅਤੇ ਲੋਨ ਕੰਪਨੀਆਂ ਦੀ ਮਨਮਾਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਜੋਨ ਪ੍ਰਧਾਨ ਦੇਸਾ ਸਿੰਘ, ਅਨੋਖ ਸਿੰਘ ਸੁਲਤਾਨੀ, ਜ਼ਿਲ੍ਹਾ ਪ੍ਰੈਸ ਸਕੱਤਰ ਸੁਖਦੇਵ ਸਿੰਘ, ਮੀਤ ਪ੍ਰਧਾਨ ਸੁਖਵਿੰਦਰ ਸਿੰਘ, ਰਣਬੀਰ ਸਿੰਘ ਡੁਗਰੀ, ਗੁਰਪ੍ਰੀਤ ਸਿੰਘ ਦੋਸਤਪੁਰ, ਰੇਸ਼ਮ ਸਿੰਘ ਬੋਹੜ ਵਡਾਲਾ, ਜੋਨ ਖਜ਼ਾਨਚੀ ਸੇਵਾ ਸਿੰਘ, ਦਲੇਰ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਬਾਜਵਾ, ਗੁਰਜੀਤ ਸਿੰਘ ਦੋਸਤਪੁਰ, ਮਨਜੀਤ ਸਿੰਘ ਦੋਸਤਪੁਰ, ਜੋਨ ਸਕੱਤਰ ਮਨਜੀਤ ਸਿੰਘ ਚੌੜਾ, ਪ੍ਰਧਾਨ ਕੁਲਵੰਤ ਸਿੰਘ ਚੌੜਾ, ਮਾਨ ਸਿੰਘ ਪ੍ਰਧਾਨ ਨਿੱਕਾ ਚੌੜਾ, ਪਲਵਿੰਦਰ ਸਿੰਘ ਨਿੱਕਾ ਚੌੜਾ, ਨਿਸ਼ਾਨ ਸਿੰਘ ਸਹੂਰ ਸਮੇਤ ਕਈ ਹੋਰ ਆਗੂ ਮੌਜੂਦ ਸਨ।

ਜਥੇਬੰਦੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੁਰਕੀ ਦੀ ਕਾਰਵਾਈ ਦੁਬਾਰਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।


Share & like

Leave a Reply