ਕੁਰਕੀ ਨੋਟਿਸਾਂ ਦੇ ਖ਼ਿਲਾਫ਼ ਤਿੱਖਾ ਵਿਰੋਧ, ਖੇਤੀ ਸਮਝੌਤੇ ‘ਤੇ ਵੀ ਚਿੰਤਾ ਪ੍ਰਗਟ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 16 ਫ਼ਰਵਰੀ
ਪਿੰਡ ਚੌੜਾ ਖੁਰਦ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਬਾਬਾ ਬੰਦਾ ਸਿੰਘ ਬਹਾਦਰ ਦੀ ਅਹਿਮ ਮੀਟਿੰਗ ਜੋਨ ਇੰਚਾਰਜ ਜਤਿੰਦਰ ਸਿੰਘ ਚੀਮਾ ਅਤੇ ਜੋਨ ਪ੍ਰਧਾਨ ਦੇਸਾ ਸਿੰਘ ਰੁਡਿਆਣਾ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਮੀਟਿੰਗ ਦੌਰਾਨ ਦੋ ਅਹਿਮ ਮਸਲਿਆਂ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

ਪਹਿਲਾ ਮਸਲਾ: ਮਨਜੀਤ ਸਿੰਘ ਦੀ ਜ਼ਮੀਨ ਦੀ ਕੁਰਕੀ ਦਾ ਵਿਰੋਧ
ਮੀਟਿੰਗ ਵਿੱਚ ਮਨਜੀਤ ਸਿੰਘ ਪੁੱਤਰ ਮੋਹਣ ਸਿੰਘ, ਪਿੰਡ ਦੋਸਤਪੁਰ ਦੀ ਜ਼ਮੀਨ ਦੀ ਕੁਰਕੀ ਨੂੰ ਲੈ ਕੇ ਗੰਭੀਰ ਚਰਚਾ ਹੋਈ। ਦੱਸਿਆ ਗਿਆ ਕਿ ਮਨਜੀਤ ਸਿੰਘ ਨੇ Central Bank of India ਤੋਂ ਲੋਨ ਲਿਆ ਸੀ ਅਤੇ ਡਿਫਾਲਟਰ ਹੋਣ ਦੀ ਸਥਿਤੀ ਵਿੱਚ ਬੈਂਕ ਵੱਲੋਂ ਰਿਕਵਰੀ ਕਾਰਵਾਈ ਕੀਤੀ ਗਈ। ਦੋਸ਼ ਲਗਾਇਆ ਗਿਆ ਕਿ ਬੈਂਕ ਨੇ ਰਿਕਵਰੀ ਦੌਰਾਨ ਲੋਨ ਰਕਮ ਤੋਂ ਵੱਧ ਸਮਾਨ ਵੀ ਨਜਾਇਜ਼ ਤਰੀਕੇ ਨਾਲ ਜ਼ਬਤ ਕਰ ਲਿਆ ਅਤੇ ਹੁਣ ਜ਼ਮੀਨ ਦੀ ਕੁਰਕੀ ਲਈ ਨੋਟਿਸ ਜਾਰੀ ਕਰ ਦਿੱਤਾ ਹੈ। ਜਥੇਬੰਦੀ ਨੇ ਇਸ ਕਾਰਵਾਈ ਦਾ ਡੱਟ ਕੇ ਵਿਰੋਧ ਕਰਨ ਦਾ ਐਲਾਨ ਕੀਤਾ।
ਦੂਸਰਾ ਮਸਲਾ: ਜਗਰੂਪ ਸਿੰਘ ਦੇ ਘਰ ਦੀ ਕੁਰਕੀ ਰੋਕਣ ਬਾਰੇ
ਦੂਜੇ ਮਾਮਲੇ ਵਿੱਚ ਜਗਰੂਪ ਸਿੰਘ ਪੁੱਤਰ ਪਲਵਿੰਦਰ ਸਿੰਘ ਦੇ ਘਰ ਦੀ ਕੁਰਕੀ ਨੂੰ ਰੋਕਣ ਲਈ ਵਿਚਾਰ ਕੀਤਾ ਗਿਆ। ਜਾਣਕਾਰੀ ਅਨੁਸਾਰ ਪਲਵਿੰਦਰ ਸਿੰਘ ਨੇ Piramal Finance ਤੋਂ 19 ਲੱਖ ਰੁਪਏ ਦਾ ਘਰ ਲਈ ਲੋਨ ਲਿਆ ਸੀ, ਪਰ ਖਾਤੇ ਵਿੱਚ ਸਿਰਫ 14 ਲੱਖ ਰੁਪਏ ਹੀ ਜਮ੍ਹਾਂ ਕਰਵਾਏ ਗਏ। ਬਾਅਦ ਵਿੱਚ ਬਿਆਜ ਸਮੇਤ ਰਕਮ 26 ਲੱਖ ਰੁਪਏ ਤੱਕ ਪਹੁੰਚ ਗਈ। ਆਰਥਿਕ ਹਾਲਾਤ ਠੀਕ ਨਾ ਹੋਣ ਕਾਰਨ ਕਿਸਤਾਂ ਅਦਾ ਨਾ ਹੋ ਸਕੀਆਂ, ਜਿਸ ਉਪਰੰਤ ਕੰਪਨੀ ਵੱਲੋਂ ਘਰ ਦੀ ਕੁਰਕੀ ਦਾ ਨੋਟਿਸ ਜਾਰੀ ਕੀਤਾ ਗਿਆ ਹੈ। ਜਥੇਬੰਦੀ ਨੇ ਇਸ ਮਾਮਲੇ ਵਿੱਚ ਵੀ ਕੁਰਕੀ ਦਾ ਵਿਰੋਧ ਕਰਨ ਦੀ ਘੋਸ਼ਣਾ ਕੀਤੀ।
ਖੇਤੀ ਸਮਝੌਤੇ ਦਾ ਵਿਰੋਧ
ਮੀਟਿੰਗ ਦੌਰਾਨ ਕੇਂਦਰ ਸਰਕਾਰ ਵੱਲੋਂ ਅਮਰੀਕਾ ਨਾਲ ਕੀਤੇ ਗਏ ਖੇਤੀ ਸਮਝੌਤੇ ‘ਤੇ ਵੀ ਚਿੰਤਾ ਪ੍ਰਗਟ ਕਰਦਿਆਂ ਇਸਦਾ ਵਿਰੋਧ ਕੀਤਾ ਗਿਆ।

ਇਸ ਮੌਕੇ ਜ਼ਿਲ੍ਹਾ ਪ੍ਰੈੱਸ ਸਕੱਤਰ ਸੁਖਦੇਵ ਸਿੰਘ ਅੱਲੜ, ਗੁਰਪ੍ਰੀਤ ਸਿੰਘ ਪ੍ਰਧਾਨ ਦੋਸਤਪੁਰ, ਰੇਸ਼ਮ ਸਿੰਘ ਬੋਹੜ ਵਡਾਲਾ, ਸੇਵਾ ਸਿੰਘ ਜੋਨ ਖਜ਼ਾਨਚੀ, ਦਲੇਰ ਸਿੰਘ, ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਡੇਹਰੀਵਾਲ ਦੋਸਤਪੁਰ, ਗੁਰਜੀਤ ਸਿੰਘ ਦੋਸਤਪੁਰ, ਮਨਜੀਤ ਸਿੰਘ ਦੋਸਤਪੁਰ, ਜੋਨ ਸਕੱਤਰ ਮਨਜੀਤ ਸਿੰਘ ਚੌੜਾ, ਪ੍ਰਧਾਨ ਕੁਲਵੰਤ ਸਿੰਘ ਚੌੜਾ, ਮਾਨ ਸਿੰਘ ਪ੍ਰਧਾਨ ਨਿੱਕਾ ਚੌੜਾ, ਪਲਵਿੰਦਰ ਸਿੰਘ ਨਿੱਕਾ ਚੌੜਾ, ਨਿਸ਼ਾਨ ਸਿੰਘ ਸ਼ਹੂਰ ਸਮੇਤ ਹੋਰ ਕਿਸਾਨ ਆਗੂ ਹਾਜ਼ਰ ਸਨ।










