ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 11 ਫਰਵਰੀ
ਜ਼ਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਪ੍ਰੀ-ਪ੍ਰਾਇਮਰੀ ਸਕੂਲ ਸੇਖਾ ਵਿਖੇ ਅੱਜ ਪ੍ਰੀ-ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਦੀ ਸਿਰਜਣਾਤਮਕਤਾ (Creativity) ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਸ਼ੇਸ਼ ਗਤੀਵਿਧੀ ਕਰਵਾਈ ਗਈ। ਇਸ ਦੌਰਾਨ ਨੰਨ੍ਹੇ-ਮੁੰਨੇ ਬੱਚਿਆਂ ਨੇ ਆਈਸ-ਕ੍ਰੀਮ ਸਟਿਕਸ ਦੀ ਵਰਤੋਂ ਕਰਕੇ ਬਹੁਤ ਹੀ ਸੁੰਦਰ ਅਤੇ ਰੰਗੀਨ ਪੈੱਨ ਸਟੈਂਡ ਤਿਆਰ ਕੀਤੇ। ਇਸ ਇਵੈਂਟ ਦਾ ਮੁੱਖ ਮਕਸਦ ਬੱਚਿਆਂ ਨੂੰ ‘ਵੇਸਟ ਮਟੀਰੀਅਲ’ ਦੀ ਸਹੀ ਵਰਤੋਂ ਕਰਨਾ ਸਿਖਾਉਣਾ ਅਤੇ ਉਨ੍ਹਾਂ ਦੀ ਕਲਾਤਮਕ ਰੁਚੀ ਨੂੰ ਵਧਾਉਣਾ ਸੀ।

ਇਸ ਪ੍ਰੋਗਰਾਮ ਵਿੱਚ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਨੇ ਬੜੀ ਦਿਲਚਸਪੀ ਦਿਖਾਈ। ਬੱਚਿਆਂ ਨੇ ਆਈਸ-ਕ੍ਰੀਮ ਸਟਿਕਸ ਨੂੰ ਫੈਵੀਕੋਲ ਅਤੇ ਵੱਖ-ਵੱਖ ਰੰਗਾਂ ਦੀ ਮਦਦ ਨਾਲ ਜੋੜ ਕੇ ਉਪਯੋਗੀ ਅਤੇ ਆਕਰਸ਼ਕ ਪੈੱਨ ਸਟੈਂਡ ਬਣਾਏ। ਇਸ ਗਤੀਵਿਧੀ ਦੌਰਾਨ ਪ੍ਰਥਮ ਟੀਮ ਅਤੇ ਪ੍ਰਥਮ ਡਿਸਟ੍ਰਿਕਟ ਕੋਆਰਡੀਨੇਟਰ ਅੰਜਲੀ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਉਨ੍ਹਾਂ ਨੇ ਬੱਚਿਆਂ ਨੂੰ ਦੱਸਿਆ ਕਿ ਕਿਵੇਂ ਅਸੀਂ ਰੋਜ਼ਾਨਾ ਜੀਵਨ ਵਿੱਚ ਫਾਲਤੂ ਸਮਝ ਕੇ ਸੁੱਟੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਮੁੜ ਵਰਤੋਂ ਵਿੱਚ ਲਿਆ ਕੇ ਨਵੀਆਂ ਅਤੇ ਸੁੰਦਰ ਵਸਤੂਆਂ ਤਿਆਰ ਕਰ ਸਕਦੇ ਹਾਂ।

ਇਸ ਮੌਕੇ ਸਕੂਲ ਸਟਾਫ਼ ਅਤੇ ਪ੍ਰਥਮ ਟੀਮ ਵੱਲੋਂ ਬੱਚਿਆਂ ਦੀ ਮਿਹਨਤ ਦੀ ਸ਼ਲਾਘਾ ਕੀਤੀ ਗਈ। ਬੱਚਿਆਂ ਵੱਲੋਂ ਬਣਾਏ ਗਏ ਪੈੱਨ ਸਟੈਂਡ ਸਕੂਲ ਵਿੱਚ ਪ੍ਰਦਰਸ਼ਿਤ ਕੀਤੇ ਗਏ, ਜਿਨ੍ਹਾਂ ਨੂੰ ਸਭ ਨੇ ਬਹੁਤ ਪਸੰਦ ਕੀਤਾ। ਇਸ ਮੌਕੇ ਸ਼੍ਰੀਮਤੀ ਕ੍ਰਿਸ਼ਨਾ ਦੇਵੀ CHT, ਰਜਨੀ, ਬਲਬੀਰ ਕੌਰ, ਗੁਰਮੁੱਖ ਸਿੰਘ ਅਤੇ ਮਨਦੀਪ ਕੌਰ ਹਾਜ਼ਰ ਸਨ।

ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਗੁਰਦਾਸਪੁਰ ਸ੍ਰੀਮਤੀ ਪਰਮਜੀਤ ਜੀ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਪ੍ਰੀ-ਪ੍ਰਾਇਮਰੀ ਪੱਧਰ ਤੋਂ ਹੀ ਬੱਚਿਆਂ ਵਿੱਚ ਸਿਰਜਣਾਤਮਕ ਸੋਚ ਅਤੇ ਹੱਥਾਂ ਨਾਲ ਸਿੱਖਣ ਦੀ ਆਦਤ ਵਿਕਸਿਤ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਬੱਚਿਆਂ ਦੀ ਕਲਪਨਾ ਸ਼ਕਤੀ ਮਜ਼ਬੂਤ ਹੁੰਦੀ ਹੈ ਅਤੇ ਉਹ ਵਾਤਾਵਰਣ ਸੰਭਾਲ ਪ੍ਰਤੀ ਵੀ ਜਾਗਰੂਕ ਬਣਦੇ ਹਨ। ਸ੍ਰੀਮਤੀ ਪਰਮਜੀਤ ਨੇ ਸਕੂਲ ਸਟਾਫ਼ ਅਤੇ ਪ੍ਰਥਮ ਟੀਮ ਦੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਦੇ ਹੋਰ ਸਕੂਲਾਂ ਵਿੱਚ ਵੀ ਇਸ ਤਰ੍ਹਾਂ ਦੀਆਂ ਨਵੀਂ ਸੋਚ ਵਾਲੀਆਂ ਗਤੀਵਿਧੀਆਂ ਕਰਵਾਈਆਂ ਜਾਣ।











