ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 7 ਫਰਵਰੀ
ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਭਗਵੰਤ ਮਾਨ ਸਰਕਾਰ ਦੀਆਂ ਅਰਥੀਆਂ ਫੂਕੀਆਂ ਗਈਆਂ। ਇਹ ਪ੍ਰਦਰਸ਼ਨ ਕਿਸਾਨਾਂ ਤੇ ਜਬਰ ਢਾਹਣ ਅਤੇ ਬਠਿੰਡੇ ਵਿੱਚ ਬੀਕੇਯੂ ਉਗਰਾਹਾਂ ਦੇ ਆਗੂਆਂ ਖਿਲਾਫ ਕੀਤੇ ਗਏ ਪੁਲਿਸ ਤਸ਼ੱਦਦ ਦੇ ਵਿਰੋਧ ਵਿੱਚ ਕੀਤਾ ਗਿਆ। ਕਿਹਾ ਜਾ ਰਿਹਾ ਹੈ ਕਿ ਕੱਲ੍ਹ ਵੱਖ-ਵੱਖ ਥਾਵਾਂ ਤੇ ਪੰਜਾਬ ਪੁਲਿਸ ਵੱਲੋਂ ਕਿਸਾਨਾਂ ਤੇ ਅੰਨੇਵਾਤ ਤਸ਼ੱਦਦ ਕੀਤਾ ਗਿਆ ਤੇ ਲਾਠੀ ਚਾਰਜ ਵੀ ਕੀਤੇ ਗਏ।
ਗੁਰਦਾਸਪੁਰ, ਕਲਾਨੌਰ ਅਤੇ ਘੋੜੇਵਾਹ ਵਿੱਚ ਪੁਤਲੇ ਫੂਕ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਸਤਬੀਰ ਸਿੰਘ ਸੁਲਤਾਨੀ, ਜ਼ਿਲ੍ਹਾ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ ਅਤੇ ਜ਼ਿਲ੍ਹਾ ਸਕੱਤਰ ਅਨੋਖ ਸਿੰਘ ਘੋੜੇਵਾਗ ਨੇ ਦਾਅਵਾ ਕੀਤਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਪੰਜਾਬ ਸਰਕਾਰ ਜਮਹੂਰੀਅਤ ਨੂੰ ਘੁਟਣ ਵਾਲਾ ਕੰਮ ਕਰ ਰਹੀ ਹੈ।
ਉਹਨਾਂ ਕਿਹਾ ਕਿ ਸ਼ਾਂਤਮਈ ਰੋਸ ਪ੍ਰਦਰਸ਼ਨ ਹਰ ਨਾਗਰਿਕ ਦਾ ਸੰਵਿਧਾਨਿਕ ਹੱਕ ਹੈ ਅਤੇ ਬੀਕੇਯੂ ਉਗਰਾਹਾਂ ਦਾ ਰੋਸ ਪ੍ਰਦਰਸ਼ਨ ਇਸ ਹੱਕ ਤਹਿਤ ਸੀ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਡੀਐਸਪੀ ਦੀ ਬਾਂਹ ਟੁੱਟਣ ਦੇ ਮਾਮਲੇ ਵਿੱਚ ਕਿਸਾਨ ਆਗੂਆਂ ਉਤੇ 307 ਦਾ ਝੂਠਾ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਲਗਭਗ 10 ਮਹੀਨਿਆਂ ਤੋਂ ਜੇਲ੍ਹ ਵਿੱਚ ਰੱਖਿਆ ਗਿਆ ਹੈ।
ਕਿਰਤੀ ਕਿਸਾਨ ਯੂਨੀਅਨ ਨੇ ਆਗਾਹ ਕੀਤਾ ਕਿ ਬਾਂਹ ਟੁੱਟਣ ਵਾਲੇ ਮਾਮਲੇ ਵਿੱਚ ਕਾਨੂੰਨੀ ਤੌਰ ਤੇ ਇਰਾਦਾ ਕਤਲ ਨਹੀਂ ਬਣਦਾ, ਪਰ ਪੁਲਿਸ ਵੱਲੋਂ ਇਸ ਨੂੰ ਤਤਕਾਲੀਕ ਜੇਲ੍ਹੀ ਸਜ਼ਾ ਦੇ ਤੌਰ ਤੇ ਲਗਾਇਆ ਗਿਆ ਹੈ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਤੋਂ ਜ਼ੋਰ ਦੇ ਕੇ ਮੰਗ ਕੀਤੀ ਕਿ ਜੇਲ੍ਹ ਵਿੱਚ ਬੰਦ ਕਿਸਾਨਾਂ ਨੂੰ ਤੁਰੰਤ ਰਿਹਾਈ ਮਿਲੇ, ਨਹੀਂ ਤਾਂ ਵੱਡੇ ਕਿਸਾਨ ਅੰਦੋਲਨ ਲਈ ਤਿਆਰੀਆਂ ਕਰਨ ਦੀ ਲੋੜ ਹੈ।

ਇਸ ਮੌਕੇ ਤੇ ਪਲਵਿੰਦਰ ਸਿੰਘ ਕਿਲ੍ਹਾ ਨੱਥੂ ਸਿੰਘ ਵਾਲਾ, ਦਲਜੀਤ ਸਿੰਘ ਤਲਵੰਡੀ ਦੀਨਾਨਾਥ, ਚੰਨਣ ਸਿੰਘ ਦੋਰਾਂਗਲਾ, ਸਾਗਰ ਸਿੰਘ ਭੋਲਾ, ਇਫਟੂ ਦੇ ਸੁਖਦੇਵ ਰਾਜ ਬਹਿਰਾਮਪੁਰ ਅਤੇ ਜੋਗਿੰਦਰਪਾਲ ਘੁਰਾਲਾ ਨੇ ਵੀ ਸੰਬੋਧਨ ਕੀਤਾ।










