ਮਾਸਟਰ ਜੀ, ਹੁਣ ਹੱਥ ਖੜ੍ਹਾ ਕਰੋ!
(TET ਯੁੱਗ ਦਾ ਵਿਅੰਗ ਕਾਲਮ) ਰੋਜ਼ਾਨਾ ਖ਼ਬਰ
ਕਦੇ ਸਕੂਲਾਂ ‘ਚ ਇਕੋ ਆਵਾਜ਼ ਗੂੰਜਦੀ ਸੀ—
“ਚੁੱਪ! ਕਾਪੀ ਖੋਲ੍ਹੋ! ਧਿਆਨ ਦਿਓ!”
ਅੱਜ ਉਹੀ ਆਵਾਜ਼ ਮੋਬਾਈਲ ਦੇ ਸਪੀਕਰ ‘ਚੋਂ ਆ ਰਹੀ ਹੈ—
“ਸਰ, ਆਵਾਜ਼ ਆ ਰਹੀ ਹੈ? ਸਰ, ਸਕ੍ਰੀਨ ਫ੍ਰੀਜ਼ ਹੋ ਗਈ!”
ਸੁਪਰੀਮ ਕੋਰਟ ਦੇ TET ਵਾਲੇ ਹੁਕਮਾਂ ਨੇ ਸਾਬਤ ਕਰ ਦਿੱਤਾ ਹੈ ਕਿ ਸਿੱਖਿਆ ਦਾ ਪਹੀਆ ਸਦਾ ਘੁੰਮਦਾ ਰਹਿੰਦਾ ਹੈ—ਕਦੇ ਬੱਚਿਆਂ ਵੱਲ, ਕਦੇ ਮਾਸਟਰਾਂ ਵੱਲ। ਫ਼ਰਕ ਸਿਰਫ਼ ਇਹ ਹੈ ਕਿ ਹੁਣ ਕਾਪੀ ਦੇ ਅੱਗੇ “ਸਰ” ਲਿਖਿਆ ਹੈ, ਪਰ ਬੈਠਾ ਫਿਰ ਵੀ ਡਰਿਆ ਹੋਇਆ ਵਿਦਿਆਰਥੀ ਹੀ ਹੈ।
ਮੋਬਾਈਲ—ਜੋ ਕਦੇ ਦੁਸ਼ਮਣ ਸੀ
ਮਾਸਟਰ ਜੀ ਲਈ ਮੋਬਾਈਲ ਪਹਿਲਾਂ ਸਭ ਤੋਂ ਵੱਡਾ ਅਪਰਾਧ ਸੀ।
ਕਲਾਸ ‘ਚ ਮੋਬਾਈਲ ਮਿਲੇ ਤਾਂ ਜ਼ਬਤੀ, ਘਰ ਫੋਨ, ਤੇ ਮਾਪਿਆਂ ਨੂੰ ਸ਼ਿਕਾਇਤ।
ਅੱਜ ਮੋਬਾਈਲ ਹੀ ਮਾਸਟਰ ਜੀ ਦੀ ਜ਼ਿੰਦਗੀ ਬਣ ਗਿਆ ਹੈ।
ਬਿਨਾਂ ਮੋਬਾਈਲ—
ਨਾ ਕਲਾਸ
ਨਾ ਮੌਕ ਟੈਸਟ
ਨਾ ਉਮੀਦ
ਲੱਗਦਾ ਹੈ ਜਿਵੇਂ ਮੋਬਾਈਲ ਹੁਣ ਨਵਾਂ ਬਲੈਕਬੋਰਡ ਹੈ, ਫਰਕ ਸਿਰਫ਼ ਇਹ ਹੈ ਕਿ ਚਾਕ ਦੀ ਥਾਂ ਡਾਟਾ ਖਤਮ ਹੋ ਜਾਂਦਾ ਹੈ।
ਟਿਊਟਰ—ਨਵੇਂ ਗੁਰੂ ਜੀ
ਸੋਸ਼ਲ ਮੀਡੀਆ ‘ਤੇ ਟਿਊਟਰ ਅਜਿਹੇ ਉਤਰੇ ਹਨ ਜਿਵੇਂ ਅਚਾਨਕ ਹੀ ਸਾਰੇ ਸਿਲੇਬਸ ਦੇ ਠੇਕੇਦਾਰ ਬਣ ਗਏ ਹੋਣ।
ਹਰ ਲਾਈਵ ਵੀਡੀਓ ‘ਚ ਦਾਅਵਾ—
“ਇਹ ਸਵਾਲ ਤਾਂ ਬਹੁਤ ਆਸਾਨ ਹੈ!”
ਮਾਸਟਰ ਜੀ ਮਨ ‘ਚ ਸੋਚਦੇ ਨੇ—
“ਹਾਂ ਜੀ, ਆਸਾਨ ਤਾਂ ਹੈ… ਜਦੋਂ ਤੁਸੀਂ ਸਮਝਾ ਰਹੇ ਹੋ!”
ਕਈ ਟਿਊਟਰ ਤਾਂ ਅਧਿਆਪਕਾਂ ਨੂੰ ਐਸੇ ਡਾਂਟਦੇ ਨੇ, ਜਿਵੇਂ ਦਸਵੀਂ ਦੀ ਪਿੱਛਲੀ ਬੈਂਚ ‘ਤੇ ਬੈਠਾ ਮੁੰਡਾ ਹੋਵੇ—
“ਸਰ, ਧਿਆਨ ਨਹੀਂ ਦੇ ਰਹੇ, ਫੇਲ ਹੋ ਜਾਓਗੇ!”
ਵਟਸਐਪ—ਨਵਾਂ ਸਟਾਫ਼ ਰੂਮ
ਸਟਾਫ਼ ਰੂਮ ਹੁਣ ਸਕੂਲ ‘ਚ ਨਹੀਂ, ਵਟਸਐਪ ‘ਚ ਹੈ।
ਫਰਕ ਸਿਰਫ਼ ਇਹ ਹੈ ਕਿ
ਉੱਥੇ ਚਾਹ ਸੀ
ਇੱਥੇ MCQ ਨੇ
ਪਹਿਲਾਂ “ਗੁੱਡ ਮੌਰਨਿੰਗ ਸਰ” ਹੁੰਦਾ ਸੀ, ਹੁਣ
“ਕੁਐਸਚਨ ਨੰਬਰ 5 ਦਾ ਜਵਾਬ ਕੀ ਹੈ?”
ਅਤੇ ਜਿਹੜਾ ਗਲਤ ਜਵਾਬ ਦੇਵੇ, ਉਸਨੂੰ ਤੁਰੰਤ ਅਹਿਸਾਸ ਕਰਵਾ ਦਿੱਤਾ ਜਾਂਦਾ ਹੈ ਕਿ
“ਸਰ, ਤੁਹਾਨੂੰ ਹੋਰ ਮਿਹਨਤ ਦੀ ਲੋੜ ਹੈ।”
ਘਰਾਂ ‘ਚ ਵੀ ਪੜ੍ਹਾਈ ਦਾ ਮਾਹੌਲ
ਘਰਾਂ ‘ਚ ਹਾਲਾਤ ਐਸੇ ਨੇ ਕਿ ਬੱਚੇ ਪਿਓ ਨੂੰ ਟੋਕ ਰਹੇ ਨੇ—
“ਚੁੱਪ ਕਰੋ, ਤੁਹਾਡੀ ਨਹੀਂ… ਮਾਸਟਰ ਜੀ ਦੀ ਕਲਾਸ ਚੱਲ ਰਹੀ ਹੈ!”
ਪਤਨੀ ਪੁੱਛਦੀ ਹੈ—
“ਤੁਸੀਂ ਕਦੋਂ ਫ੍ਰੀ ਹੋਵੋਗੇ?”
ਜਵਾਬ ਆਉਂਦਾ ਹੈ—
“TET ਪਾਸ ਹੋਣ ਤੋਂ ਬਾਅਦ!”
ਲੱਗਦਾ ਹੈ ਜਿਵੇਂ ਘਰ ਨਹੀਂ, ਕੋਈ ਇਗਜ਼ਾਮ ਸੈਂਟਰ ਚੱਲ ਰਿਹਾ ਹੋਵੇ।
ਅਖ਼ੀਰ ‘ਚ ਸੱਚ ਇਹ ਹੈ…
ਸੁਪਰੀਮ ਕੋਰਟ ਦਾ ਆਪਣਾ ਤਰਕ ਹੈ ਕਿ ਯੋਗ ਅਧਿਆਪਕ, ਚੰਗੀ ਸਿੱਖਿਆ। ਪਰ ਪਹਿਲਾਂ ਤੋਂ ਪੜਾਉਂਦੇ ਆ ਰਹੇ ਅਧਿਆਪਕਾਂ ਉੱਤੇ ਇਕ ਥੋਪਣਾ ਕਿੰਨਾ ਕੁਝ ਜਾਇਜ਼ ਹੈ??
ਪਰ ਇਸ ਹੁਕਮ ਨੇ ਇਕ ਹੋਰ ਗੱਲ ਵੀ ਸਿਖਾ ਦਿੱਤੀ ਹੈ ਕਿ ਸਿੱਖਣਾ ਕਦੇ ਮੁਕਦਾ ਨਹੀਂ।
ਕਦੇ ਕਾਪੀ ਬੱਚਿਆਂ ਦੇ ਹੱਥ ‘ਚ ਹੁੰਦੀ ਹੈ,
ਕਦੇ ਅਧਿਆਪਕਾਂ ਦੇ।
ਅਤੇ ਇਸ TET ਯੁੱਗ ‘ਚ ਸਭ ਤੋਂ ਵੱਡਾ ਸਬਕ ਇਹ ਹੈ
“ਮਾਸਟਰ ਜੀ, ਹੁਣ ਹੱਥ ਖੜ੍ਹਾ ਕਰੋ… ਜਵਾਬ ਤੁਹਾਨੂੰ ਦੇਣਾ ਹੈ!” 😄📚











