Share & like

ਰੈੱਡ ਕ੍ਰਾਸ ਨਸ਼ਾ ਮੁਕਤੀ ਕੇਂਦਰ, ਗੁਰਦਾਸਪੁਰ ਦੀ ਪ੍ਰਸ਼ਾਸਨ ਵੱਲੋਂ ਭਰਪੂਰ ਸਰਾਹਨਾ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 6 ਫ਼ਰਵਰੀ
ਨਸ਼ਿਆਂ ਦੀ ਲਹਿਰ ਨਾਲ ਜੂਝ ਰਹੇ ਸਮਾਜ ਲਈ ਆਸ ਦੀ ਇੱਕ ਮਜ਼ਬੂਤ ਕਿਰਣ ਵਜੋਂ ਉਭਰ ਰਿਹਾ ਰੈੱਡ ਕ੍ਰਾਸ ਇੰਟੀਗ੍ਰੇਟਿਡ ਐਂਡ ਰਿਹੈਬਿਲਿਟੇਸ਼ਨ ਸੈਂਟਰ ਫਾਰ ਐਡੀਕਟਸ, ਬੱਬੇਹਾਲੀ (ਗੁਰਦਾਸਪੁਰ) ਅੱਜ ਉਸ ਵੇਲੇ ਖ਼ਾਸ ਚਰਚਾ ਦਾ ਕੇਂਦਰ ਬਣਿਆ, ਜਦੋਂ ਸ਼੍ਰੀ ਆਦਿਤਿਆ ਗੁਪਤਾ, ਪੀ.ਸੀ.ਐੱਸ., ਅਸਿਸਟੈਂਟ ਕਮਿਸ਼ਨਰ (ਜਨਰਲ), ਗੁਰਦਾਸਪੁਰ ਵੱਲੋਂ ਕੇਂਦਰ ਦਾ ਵਿਸ਼ੇਸ਼ ਦੌਰਾ ਕੀਤਾ ਗਿਆ।

ਇਹ ਕੇਂਦਰ ਮਾਣਯੋਗ ਸ਼੍ਰੀ ਸ਼ਿਵ ਦੁਲਾਰ ਸਿੰਘ, ਆਈ.ਏ.ਐੱਸ. (ਰਿਟਾਇਰਡ), ਸਕੱਤਰ, ਪੰਜਾਬ ਰੈੱਡ ਕ੍ਰਾਸ ਸੋਸਾਇਟੀ ਦੀ ਰਹਿਨੁਮਾਈ ਅਤੇ ਰੋਮੇਸ਼ ਮਹਾਜਨ (ਨੈਸ਼ਨਲ ਐਵਾਰਡੀ), ਪ੍ਰੋਜੈਕਟ ਡਾਇਰੈਕਟਰ ਦੀ ਯੋਗ ਅਗਵਾਈ ਹੇਠ ਬੜੀ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ।
ਦੌਰੇ ਦੌਰਾਨ ਅਸਿਸਟੈਂਟ ਕਮਿਸ਼ਨਰ ਨੇ ਇਲਾਜ ਅਧੀਨ ਮਰੀਜ਼ਾਂ ਨਾਲ ਰੂਬਰੂ ਗੱਲਬਾਤ ਕਰਦਿਆਂ ਕੇਂਦਰ ਦੀ ਸਮੁੱਚੀ ਕਾਰਗੁਜ਼ਾਰੀ ‘ਤੇ ਡੂੰਘੀ ਸੰਤੁਸ਼ਟੀ ਪ੍ਰਗਟ ਕੀਤੀ। ਉਨ੍ਹਾਂ ਨੇ ਆਧੁਨਿਕ ਲਾਇਬ੍ਰੇਰੀ, ਜਿਮ, ਸਿਨੇਮਾ ਹਾਲ, ਓ.ਪੀ.ਡੀ. ਸੇਵਾਵਾਂ ਅਤੇ ਸਮਾਜ ਵਿੱਚ ਮੁੜ ਵਸਾਹ ਲਈ ਤਿਆਰ ਕੀਤਾ ਗਿਆ ਸੁਚੱਜਾ ਪੁਨਰਵਾਸ ਮਾਹੌਲ ਦੇਖ ਕੇ ਕੇਂਦਰ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ।
ਸ਼੍ਰੀ ਆਦਿਤਿਆ ਗੁਪਤਾ ਨੇ ਸਟਾਫ਼ ਨਾਲ ਇਲਾਜ਼ ਅਤੇ ਪੁਨਰਵਾਸ ਦੀ ਅਪਣਾਈ ਗਈ ਪ੍ਰਣਾਲੀ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਇਸ ਮੌਕੇ ਕਈ ਨੌਜਵਾਨ ਮਰੀਜ਼ਾਂ ਨੇ ਨਸ਼ੇ ਦੀ ਲਤ ਨਾਲ ਜੁੜੇ ਆਪਣੇ ਦਰਦਨਾਕ ਤਜਰਬੇ ਅਤੇ ਸੰਘਰਸ਼ ਸਾਂਝੇ ਕੀਤੇ, ਜੋ ਸਭ ਲਈ ਭਾਵੁਕ ਪਲ ਸਾਬਤ ਹੋਏ।
ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਰੋਮੇਸ਼ ਮਹਾਜਨ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ,
“ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਕਿ ਅਸੀਂ ਸਾਰੇ ਮਿਲ ਕੇ ਨਸ਼ਿਆਂ ਦੀ ਬੁਰਾਈ ‘ਤੇ ਹਮਲਾ ਕਰੀਏ। ਮਹਾਜਨ ਸਾਹਿਬ ਵਰਗੇ ਦਾਨਵੀਰ ਇਸ ਮਿਸ਼ਨ ਵਿੱਚ ਸਰਾਹਣਯੋਗ ਭੂਮਿਕਾ ਨਿਭਾ ਰਹੇ ਹਨ।”
ਉਨ੍ਹਾਂ ਨੇ ਵਿਜ਼ਟਰ ਬੁੱਕ ਵਿੱਚ ਆਪਣੇ ਕੀਮਤੀ ਵਿਚਾਰ ਵੀ ਦਰਜ ਕੀਤੇ। ਇਸ ਮੌਕੇ ਪ੍ਰੋਜੈਕਟ ਡਾਇਰੈਕਟਰ ਨੇ ਮੁੱਖ ਮਹਿਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਸ਼ਾਸਨਕ ਅਧਿਕਾਰੀਆਂ ਦੇ ਅਜਿਹੇ ਦੌਰੇ ਸਟਾਫ ਦਾ ਮਨੋਬਲ ਵਧਾਉਂਦੇ ਹਨ ਅਤੇ ਨਸ਼ੇ ਤੋਂ ਪੀੜਤ ਲੋਕਾਂ ਨੂੰ ਨਵੀਂ ਜ਼ਿੰਦਗੀ ਅਤੇ ਨਵੀਂ ਆਸ ਦੇਣ ਦੇ ਮਿਸ਼ਨ ਨੂੰ ਹੋਰ ਤਾਕਤ ਮਿਲਦੀ ਹੈ।

ਇਸ ਵਿਸ਼ੇਸ਼ ਮੌਕੇ ‘ਤੇ ਸ਼੍ਰੀਮਤੀ ਸਰੋਜ ਬਾਲਾ, ਸ਼੍ਰੀਮਤੀ ਕੋਮਲਪ੍ਰੀਤ ਕੌਰ, ਰਘਬੀਰ ਸਿੰਘ (ਕੌਂਸਲਰ), ਅਭਾ ਸ਼ਰਮਾ, ਹੀਰਾ ਲਾਲ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ।


Share & like

Leave a Reply