ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 04 ਫ਼ਰਵਰੀ
ਉੱਤਰਾਖੰਡ ਦੇ ਸ਼ਹਿਰ ਮੰਸੂਰੀ ਵਿੱਚ ਸਥਿਤ ਪ੍ਰਸਿੱਧ ਸੂਫ਼ੀ ਕਵੀ, ਸੰਤ, ਦਰਵੇਸ਼ ਅਤੇ ਹਨੇਰੀਆਂ ਤਾਕਤਾਂ ਦੇ ਤੀਖੇ ਵਿਰੋਧੀ ਬਾਬਾ ਬੁੱਲ੍ਹੇਸ਼ਾਹ ਦੀ ਸੌ ਸਾਲ ਪੁਰਾਣੀ ਮਜ਼ਾਰ ਨੂੰ ਕੱਟੜਪੰਥੀ ਤਾਕਤਾਂ ਵੱਲੋਂ ਪਿਛਲੇ ਦਿਨੀਂ ਤੋੜ ਦਿੱਤਾ ਗਿਆ। ਮਜ਼ਾਰ ਤੋੜਨ ਪਿੱਛੇ ਇਹ ਦਲੀਲ ਦਿੱਤੀ ਗਈ ਕਿ ਬਾਬਾ ਬੁੱਲ੍ਹੇਸ਼ਾਹ ਦੀ ਮਜ਼ਾਰ ਤਾਂ ਪਾਕਿਸਤਾਨ ਵਿੱਚ ਹੈ, ਇਸ ਲਈ ਇੱਥੇ ਇਸ ਦੀ ਕੋਈ ਲੋੜ ਨਹੀਂ।
ਇਸ ਨਿੰਦਣਯੋਗ ਕਾਰੇ ਦੇ ਖ਼ਿਲਾਫ਼ ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਵੱਲੋਂ ਤਿੱਖਾ ਵਿਰੋਧ ਦਰਜ ਕਰਵਾਇਆ ਗਿਆ। ਜ਼ਿਲ੍ਹਾ ਸਾਹਿਤ ਕੇਂਦਰ ਦੇ ਪ੍ਰਧਾਨ ਡਾ. ਲੇਖ ਰਾਜ, ਸੰਯੋਜਕ ਤੇ ਉਪ-ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਮੱਖਣ ਕੁਹਾੜ, ਕਾਰਜਕਾਰਣੀ ਮੈਂਬਰ ਗੁਰਮੀਤ ਸਿੰਘ ਬਾਜਵਾ ਅਤੇ ਗੁਰਪ੍ਰੀਤ ਰੰਗੀਲਪੁਰ, ਜਨਰਲ ਸਕੱਤਰ ਮੰਗਤ ਚੰਚਲ, ਸੀਨੀਅਰ ਮੀਤ ਪ੍ਰਧਾਨ ਸੀਤਲ ਸਿੰਘ ਗੁੰਨੋਪੁਰੀ, ਬੂਟਾ ਰਾਮ ਆਜ਼ਾਦ, ਡਾ. ਰਜਵਿੰਦਰ ਕੌਰ ਨਾਗਰਾ, ਸੋਹਣ ਸਿੰਘ, ਸੁਖਵਿੰਦਰ ਰੰਧਾਵਾ, ਸੁੱਚਾ ਸਿੰਘ ਪਸਨਾਵਾਲ ਅਤੇ ਨਿਸ਼ਾਨ ਸਿੰਘ ਜੌੜਾਸੰਘਾ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਆਮ ਆਦਮੀ ਦਾ ਅਜਿਹੀਆਂ ਗੱਲਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ, ਪਰ ਕੁਝ ਸਵਾਰਥੀ ਤੱਤ ਆਪਣੇ ਨਿੱਜੀ ਲਾਭਾਂ ਲਈ ਸਮਾਜ ਵਿੱਚ ਵੰਡ ਪਾਉਣ ਦੀ ਕੋਸ਼ਿਸ਼ ਕਰਦੇ ਹਨ।
ਜ਼ਿਲ੍ਹਾ ਸਾਹਿਤ ਕੇਂਦਰ ਗੁਰਦਾਸਪੁਰ ਵੱਲੋਂ ਮੂਲਵਾਦੀ ਤਾਕਤਾਂ ਦੀ ਇਸ ਕਾਰਵਾਈ ਦੀ ਸਖ਼ਤ ਨਿੰਦਾ ਕਰਦਿਆਂ ਅਮਨ ਪਸੰਦ ਲੋਕਾਂ ਨੂੰ ਅਜਿਹੀਆਂ ਤਾਕਤਾਂ ਦੇ ਖ਼ਿਲਾਫ਼ ਇਕਜੁੱਟ ਹੋਣ ਦੀ ਅਪੀਲ ਕੀਤੀ ਗਈ। ਨਾਲ ਹੀ ਸਰਕਾਰ ਨੂੰ ਵੀ ਅਪੀਲ ਕੀਤੀ ਗਈ ਕਿ ਮੂਲਵਾਦੀ ਤੱਤਾਂ ਨੂੰ ਨੱਥ ਪਾਈ ਜਾਵੇ ਅਤੇ ਬਾਬਾ ਬੁੱਲ੍ਹੇਸ਼ਾਹ ਦੀ ਮਜ਼ਾਰ ਨੂੰ ਮੁੜ ਸਥਾਪਿਤ ਕੀਤਾ ਜਾਵੇ।

ਇਸ ਮੌਕੇ ਸੰਯੋਜਕ ਮੱਖਣ ਕੁਹਾੜ ਨੇ ਵਿਸ਼ੇਸ਼ ਤੌਰ ’ਤੇ ਸਮੂਹ ਸਮਾਜ ਸੇਵੀ ਸੰਸਥਾਵਾਂ, ਜਨਤਕ ਜਥੇਬੰਦੀਆਂ ਅਤੇ ਭਾਈਚਾਰਕ ਸਾਂਝ ਦੇ ਹਾਮੀਆਂ ਨੂੰ ਅਪੀਲ ਕੀਤੀ ਕਿ ਸਮਾਜ ਨੂੰ ਤੋੜਨ ਵਾਲੀਆਂ ਤਾਕਤਾਂ ਦੇ ਖ਼ਿਲਾਫ਼ ਡਟ ਕੇ ਖੜ੍ਹਿਆ ਜਾਵੇ ਅਤੇ ਭਾਈਚਾਰਕ ਸਾਂਝਾਂ ਦੀ ਰਾਖੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਮਾਜ ਨੂੰ ਇਕ-ਮੁੱਠ ਰੱਖਣ ਲਈ ਹਰ ਮਨੁੱਖ ਨੂੰ ਵੰਡ ਪਾਉਣ ਵਾਲੀਆਂ ਤਾਕਤਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ।










