ਜਤਿੰਦਰ ਬੈਂਸ / ਰੋਜ਼ਾਨਾ ਖ਼ਬਰ
ਗੁਰਦਾਸਪੁਰ, 3 ਫਰਵਰੀ
ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਚਾਰ ਲੇਬਰ ਕੋਡਾਂ ਅਤੇ ਨਿੱਜੀਕਰਨ ਦੀਆਂ ਨੀਤੀਆਂ ਦੇ ਵਿਰੋਧ ਵਿੱਚ 12 ਫਰਵਰੀ ਨੂੰ ਦਿੱਤੇ ਗਏ ਦੇਸ਼ ਵਿਆਪੀ ਹੜਤਾਲ ਦੇ ਸੱਦੇ ਨੂੰ ਸਫਲ ਬਣਾਉਣ ਲਈ ਅੱਜ ਸਥਾਨਕ ਸ਼ਹੀਦ ਕਾਮਰੇਡ ਅਮਰੀਕ ਸਿੰਘ ਯਾਦਗਾਰ ਹਾਲ ਵਿੱਚ ਵੱਖ-ਵੱਖ ਟਰੇਡ ਯੂਨੀਅਨਾਂ ਅਤੇ ਲੋਕ ਪੱਖੀ ਜੱਥੇਬੰਦੀਆਂ ਦੀ ਇੱਕ ਅਹਿਮ ਸਾਂਝੀ ਮੀਟਿੰਗ ਕੀਤੀ ਗਈ।
ਮੀਟਿੰਗ ਵਿੱਚ ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨਜ਼ (ਇਫਟੂ), ਪੇਂਡੂ ਮਜ਼ਦੂਰ ਯੂਨੀਅਨ, ਮਿਡ ਡੇ ਮੀਲ ਵਰਕਰ ਯੂਨੀਅਨ ਅਤੇ ਡੀਐਮਐਫ ਨਾਲ ਸੰਬੰਧਤ ਆਗੂਆਂ ਨੇ ਭਾਗ ਲਿਆ। ਆਗੂਆਂ ਇਫਟੂ ਤੋਂ ਜੋਗਿੰਦਰ ਪਾਲ ਪਨਿਆੜ ਅਤੇ ਸੁਖਦੇਵ ਰਾਜ ਬਹਿਰਾਮਪੁਰ, ਪੇਂਡੂ ਮਜ਼ਦੂਰ ਯੂਨੀਅਨ ਤੋਂ ਰਾਜ ਕੁਮਾਰ ਪੰਡੋਰੀ, ਮਿਡ ਡੇ ਮੀਲ ਵਰਕਰ ਯੂਨੀਅਨ ਤੋਂ ਗੁਰਪ੍ਰੀਤ ਕੌਰ, ਡੀਐਮਐਫ ਤੋਂ ਬਲਵਿੰਦਰ ਕੌਰ ਅਤੇ ਸਾਬਕਾ ਮੁਲਾਜ਼ਮ ਆਗੂ ਮਾਸਟਰ ਅਮਰਜੀਤ ਸ਼ਾਸਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ 44 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਲਿਆਂਦੇ ਗਏ ਚਾਰ ਲੇਬਰ ਕੋਡ ਮਜ਼ਦੂਰ ਵਰਗ ਦੇ ਹੱਕਾਂ ’ਤੇ ਸਿੱਧਾ ਹਮਲਾ ਹਨ।
ਆਗੂਆਂ ਨੇ ਕਿਹਾ ਕਿ ਇਨ੍ਹਾਂ ਲੇਬਰ ਕੋਡਾਂ ਨਾਲ ਮਜ਼ਦੂਰਾਂ ਵੱਲੋਂ ਲੰਬੇ ਸੰਘਰਸ਼ਾਂ ਰਾਹੀਂ ਹਾਸਲ ਕੀਤੇ ਹੱਕ ਖੋਹੇ ਜਾ ਰਹੇ ਹਨ ਅਤੇ ਇਹ ਕਾਨੂੰਨ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਬਣਾਏ ਗਏ ਹਨ। ਉਨ੍ਹਾਂ ਨੇ ਰੇਲਵੇ, ਬਿਜਲੀ, ਬੈਂਕਾਂ ਅਤੇ ਬੀਮਾ ਖੇਤਰ ਦੇ ਅੰਨ੍ਹੇਵਾਹ ਨਿੱਜੀਕਰਨ ਦੀ ਸਖ਼ਤ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਮਹਿੰਗਾਈ ਦੇ ਮੱਦੇਨਜ਼ਰ ਮਜ਼ਦੂਰਾਂ ਦੀ ਘੱਟੋ-ਘੱਟ ਉਜਰਤ ਵਿੱਚ ਵਾਧਾ ਕੀਤਾ ਜਾਵੇ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ।
ਮੀਟਿੰਗ ਵਿੱਚ ਇਹ ਵੀ ਕਿਹਾ ਗਿਆ ਕਿ 12 ਫਰਵਰੀ ਦੀ ਹੜਤਾਲ ਸਿਰਫ਼ ਰੋਸ ਪ੍ਰਦਰਸ਼ਨ ਨਹੀਂ, ਸਗੋਂ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਲਈ ਇੱਕ ਵੱਡੇ ਸੰਘਰਸ਼ ਦੀ ਸ਼ੁਰੂਆਤ ਹੋਵੇਗੀ। ਇਸ ਮੌਕੇ ਫੈਸਲਾ ਲਿਆ ਗਿਆ ਕਿ ਹੜਤਾਲ ਵਾਲੇ ਦਿਨ ਸਾਰੇ ਉਦਯੋਗਿਕ ਖੇਤਰਾਂ, ਦਫ਼ਤਰਾਂ ਅਤੇ ਸਰਕਾਰੀ ਅਦਾਰਿਆਂ ਵਿੱਚ ਮੁਕੰਮਲ ਕੰਮ-ਕਾਜ ਠੱਪ ਰੱਖਿਆ ਜਾਵੇਗਾ ਅਤੇ ਜ਼ਿਲ੍ਹਾ ਪੱਧਰ ’ਤੇ ਵੱਡੇ ਰੋਸ ਮੁਜ਼ਾਹਰੇ ਕੀਤੇ ਜਾਣਗੇ।

ਮੀਟਿੰਗ ਦੌਰਾਨ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਬਿਲ ਅਤੇ ਬੀਜ ਬਿਲ ਦੀ ਵੀ ਸਖ਼ਤ ਨਿਖੇਧੀ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਗਿੰਦਰ ਪਾਲ ਘੁਰਾਲਾ, ਗੁਰਮੀਤ ਰਾਜ ਪਾਹੜਾ, ਰਿੰਕੂ, ਜੋਤੀ ਲਾਲ, ਮੇਜਰ ਸਿੰਘ ਕੋਟ ਅਡਰਮਲ, ਸੁਰਿੰਦਰ ਪਾਲ ਰਾਮ ਨਗਰ, ਪਵਨ ਕੁਮਾਰ ਸ਼ੇਰਪੁਰ, ਰੂਪ ਲਾਲ ਮੁਸਤਫਾਬਾਦ, ਮੇਲਾ ਰਾਮ ਅਤੇ ਵਸਣ ਸਿੰਘ ਹਾਜ਼ਰ ਸਨ।










