ਗੁਰਦਾਸਪੁਰ ’ਚ ਟਰੇਡ ਯੂਨੀਅਨਾਂ ਤੇ ਫੈਡਰੇਸ਼ਨਾਂ ਦੀ ਸਾਂਝੀ ਮੀਟਿੰਗ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 28 ਜਨਵਰੀ
ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਚਾਰ ਲੇਬਰ ਕੋਡਾਂ ਨੂੰ ਰੱਦ ਕਰਵਾਉਣ ਲਈ ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ’ਤੇ 12 ਫਰਵਰੀ ਨੂੰ ਹੋ ਰਹੀ ਦੇਸ਼ ਵਿਆਪੀ ਹੜਤਾਲ ਦੀਆਂ ਤਿਆਰੀਆਂ ਸਬੰਧੀ ਅੱਜ ਸਥਾਨਕ ਬਲਜੀਤ ਸਿੰਘ ਯਾਦਗਾਰ ਭਵਨ ਗੁਰਦਾਸਪੁਰ ਵਿਖੇ ਟਰੇਡ ਯੂਨੀਅਨਾਂ ਅਤੇ ਫੈਡਰੇਸ਼ਨਾਂ ਦੀ ਸਾਂਝੀ ਮੀਟਿੰਗ ਹੋਈ।
ਮੀਟਿੰਗ ਦੀ ਪ੍ਰਧਾਨਗੀ ਟੀ ਐਸ ਯੂ ਦੇ ਆਗੂ ਰਕੇਸ਼ ਸੈਣੀ ਅਤੇ ਏਟਕ ਦੇ ਆਗੂ ਸਾਹਿਬ ਸਿੰਘ ਨੇ ਕੀਤੀ। ਇਸ ਮੌਕੇ ਇਫਟੂ, ਸੀ ਟੀ ਯੂ ਪੰਜਾਬ, ਏਕਟੂ, ਏਟਕ ਅਤੇ ਟੀ ਐਸ ਯੂ ਦੇ ਆਗੂਆਂ—ਜੋਗਿੰਦਰ ਪਾਲ ਪਨਿਆੜ, ਧਿਆਨ ਸਿੰਘ ਠਾਕੁਰ, ਵਿਜੇ ਸੋਹਲ, ਸੁਖਦੇਵ ਰਾਜ ਬਹਿਰਾਮਪੁਰ, ਅਮਨਦੀਪ ਸਿੰਘ ਧਾਲੀਵਾਲ, ਅਨਿਲ ਕੁਮਾਰ, ਭਗਵੰਤ ਸਿੰਘ, ਹਰਜਿੰਦਰ ਕੁਮਾਰ, ਪ੍ਰੇਮ ਮਸੀਹ, ਸੂਰਵੀ, ਤਾਜ ਮਸੀਹ, ਵਾਂਗ ਰਾਜੇ, ਸੁਭਾਸ਼ ਕੈਰੇ, ਰਜਿੰਦਰ ਕੁਮਾਰ ਅਤੇ ਜਸਵੰਤ ਸਿੰਘ ਬੁੱਟਰ ਸ਼ਾਮਲ ਹੋਏ।
ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸੀ ਤੇ ਵਿਦੇਸ਼ੀ ਸਰਮਾਏਦਾਰਾਂ ਦੇ ਹਿਤਾਂ ਲਈ ਚਾਰ ਲੇਬਰ ਕੋਡ ਲਾਗੂ ਕਰਕੇ ਮਜ਼ਦੂਰ ਵਰਗ ਨਾਲ ਧੋਖਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਰਮਾਏਦਾਰਾਂ ਦੇ ਮੁਨਾਫਿਆਂ ਲਈ ਲੋਕ ਹਿੱਤਾਂ ਦੀ ਬਲੀ ਦਿੱਤੀ ਜਾ ਰਹੀ ਹੈ ਅਤੇ ਸੰਘਰਸ਼ਾਂ ਰਾਹੀਂ ਹਾਸਲ ਕੀਤੀਆਂ ਮਜ਼ਦੂਰ ਸਹੂਲਤਾਂ ਨੂੰ ਖਤਮ ਕੀਤਾ ਜਾ ਰਿਹਾ ਹੈ।
ਆਗੂਆਂ ਨੇ ਬਿਜਲੀ ਸੋਧ ਬਿੱਲ 2025 ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਸ ਰਾਹੀਂ ਬਿਜਲੀ ਵੰਡ ਖੇਤਰ ਨੂੰ ਵੱਡੇ ਸਰਮਾਏਦਾਰਾਂ ਲਈ ਖੋਲ੍ਹ ਕੇ ਆਮ ਲੋਕਾਂ ਨੂੰ ਮਿਲ ਰਹੀ ਮੁਫ਼ਤ ਜਾਂ ਸਸਤੀ ਬਿਜਲੀ ਖਤਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਅਨੁਸਾਰ ਖੇਤੀ ਕਨੂੰਨਾਂ ਤੋਂ ਬਾਅਦ ਇਹ ਆਮ ਲੋਕਾਂ ’ਤੇ ਕੇਂਦਰ ਸਰਕਾਰ ਦਾ ਇਕ ਹੋਰ ਵੱਡਾ ਹਮਲਾ ਹੈ।
ਮੀਟਿੰਗ ਵਿੱਚ ਦੱਸਿਆ ਗਿਆ ਕਿ 12 ਫਰਵਰੀ ਦੀ ਹੜਤਾਲ ਨੂੰ ਕਾਮਯਾਬ ਬਣਾਉਣ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਇਸ ਦਿਨ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫ਼ਤਰ ਮੂਹਰੇ ਸਟੇਜ ਲਗਾ ਕੇ ਪ੍ਰੋਗਰਾਮ ਚਲਾਇਆ ਜਾਵੇਗਾ।

ਆਗੂਆਂ ਨੇ ਸਾਰੇ ਸੁਹਿਰਦ ਲੋਕਾਂ ਅਤੇ ਜਨਤਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਮੋਦੀ ਹਕੂਮਤ ਦੇ ਇਨ੍ਹਾਂ ਨਵੇਂ ਹਮਲਿਆਂ ਖ਼ਿਲਾਫ਼ ਮੈਦਾਨ ਵਿੱਚ ਨਿਤਰ ਕੇ ਵੱਡੀ ਲੋਕ ਲਹਿਰ ਖੜੀ ਕੀਤੀ ਜਾਵੇ।










