ਪੁਣੇ ਦੇ ਬਾਰਾਮਤੀ ਇਲਾਕੇ ਵਿੱਚ ਲੈਂਡਿੰਗ ਦੌਰਾਨ ਵਾਪਰਿਆ ਹਾਦਸਾ, ਪੰਜਾਂ ਦੀ ਮੌਤ
ਜਹਾਜ਼ ਟਕਰਾਉਣ ਮਗਰੋਂ ਹੋਏ ਕਈ ਧਮਾਕੇ, ਅੱਗ ਦੀਆਂ ਲਪਟਾਂ—ਚਸ਼ਮਦੀਦ
ਰੋਜ਼ਾਨਾ ਖ਼ਬਰ
ਮੁੰਬਈ, 28 ਜਨਵਰੀ
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਅਤੇ ਚਾਰ ਹੋਰ ਵਿਅਕਤੀਆਂ ਦੀ ਬੁੱਧਵਾਰ ਸਵੇਰੇ ਪੁਣੇ ਜ਼ਿਲ੍ਹੇ ਦੇ ਬਾਰਾਮਤੀ ਇਲਾਕੇ ਵਿੱਚ ਇੱਕ ਜਹਾਜ਼ ਹਾਦਸੇ ਦੌਰਾਨ ਮੌਤ ਹੋ ਗਈ। ਅਧਿਕਾਰੀਆਂ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਜਹਾਜ਼ ਲੈਂਡਿੰਗ ਲਈ ਰਨਵੇਅ ਦੇ ਨੇੜੇ ਪਹੁੰਚ ਰਿਹਾ ਸੀ।

ਖ਼ਬਰਾਂ ਮੁਤਾਬਕ ਉਪ ਮੁੱਖ ਮੰਤਰੀ ਅਜੀਤ ਪਵਾਰ ਮੁੰਬਈ ਤੋਂ ਬਾਰਾਮਤੀ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ। ਲੈਂਡਿੰਗ ਦੇ ਦੌਰਾਨ ਅਚਾਨਕ ਜਹਾਜ਼ ਦਾ ਸੰਤੁਲਨ ਵਿਗੜ ਗਿਆ ਅਤੇ ਇਹ ਜ਼ਮੀਨ ਨਾਲ ਟਕਰਾ ਗਿਆ।
ਡੀ.ਜੀ.ਸੀ.ਏ. (ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ) ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਹਾਦਸਾਗ੍ਰਸਤ ਜਹਾਜ਼ ਲੀਅਰਜੈੱਟ–45 ਸੀ, ਜਿਸ ਵਿੱਚ ਕੁੱਲ ਪੰਜ ਲੋਕ ਸਵਾਰ ਸਨ। ਇਨ੍ਹਾਂ ਵਿੱਚ ਉਪ ਮੁੱਖ ਮੰਤਰੀ ਅਜੀਤ ਪਵਾਰ, ਦੋ ਸਟਾਫ਼ ਮੈਂਬਰ (ਇੱਕ ਪੀ.ਐਸ.ਓ. ਅਤੇ ਇੱਕ ਸਹਾਇਕ) ਅਤੇ ਦੋ ਚਾਲਕ ਦਲ ਦੇ ਮੈਂਬਰ ਪਾਇਲਟ ਇਨ-ਕਮਾਂਡ ਅਤੇ ਫਸਟ ਅਫਸਰ ਸ਼ਾਮਲ ਸਨ। ਹਾਦਸੇ ਵਿੱਚ ਕਿਸੇ ਦੀ ਵੀ ਜਾਨ ਨਹੀਂ ਬਚ ਸਕੀ।
ਲੈਂਡਿੰਗ ਵੇਲੇ ਜ਼ਬਰਦਸਤ ਧਮਾਕੇ
ਚਸ਼ਮਦੀਦਾਂ ਦੇ ਅਨੁਸਾਰ ਜਹਾਜ਼ ਹਵਾ ਵਿੱਚ ਹੀ ਅਸੰਤੁਲਿਤ ਦਿਖਾਈ ਦੇ ਰਿਹਾ ਸੀ। ਜਿਵੇਂ ਹੀ ਇਹ ਰਨਵੇਅ ਦੇ ਨੇੜੇ ਪਹੁੰਚਿਆ, ਇੱਕ ਜ਼ੋਰਦਾਰ ਧਮਾਕੇ ਨਾਲ ਜ਼ਮੀਨ ’ਤੇ ਡਿੱਗ ਪਿਆ। ਇੱਕ ਮਹਿਲਾ ਚਸ਼ਮਦੀਦ ਨੇ ਦੱਸਿਆ ਕਿ ਟਕਰਾਉਣ ਤੋਂ ਬਾਅਦ ਲਗਾਤਾਰ ਚਾਰ ਤੋਂ ਪੰਜ ਧਮਾਕੇ ਹੋਏ ਅਤੇ ਹਰ ਪਾਸੇ ਅੱਗ ਦੀਆਂ ਲਪਟਾਂ ਫੈਲ ਗਈਆਂ।
ਫਲਾਈਟ ਰਡਾਰ ਡਾਟਾ
ਫਲਾਈਟ ਰਡਾਰ ਮੁਤਾਬਕ, ਜਹਾਜ਼ ਨੇ ਸਵੇਰੇ 8:10 ਵਜੇ ਮੁੰਬਈ ਤੋਂ ਉਡਾਣ ਭਰੀ ਸੀ। 8:45 ਵਜੇ ਰਡਾਰ ਨਾਲ ਸੰਪਰਕ ਟੁੱਟ ਗਿਆ, ਜਦਕਿ ਕਰੀਬ 8:50 ਵਜੇ ਇਹ ਹਾਦਸਾ ਵਾਪਰਿਆ।

ਅਜੀਤ ਪਵਾਰ 5 ਫਰਵਰੀ ਨੂੰ ਹੋਣ ਵਾਲੀਆਂ ਜ਼ਿਲ੍ਹਾ ਪਰਿਸ਼ਦ ਚੋਣਾਂ ਦੇ ਪ੍ਰਚਾਰ ਲਈ ਬਾਰਾਮਤੀ ਜਾ ਰਹੇ ਸਨ। ਐੱਸਪੀ ਸੰਦੀਪ ਸਿੰਘ ਗਿੱਲ ਨੇ ਦੱਸਿਆ ਕਿ ਹਾਦਸੇ ਤੋਂ ਤੁਰੰਤ ਬਾਅਦ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਸਨ। ਲਾਸ਼ਾਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਪੁਲੀਸ, ਫਾਇਰ ਬ੍ਰਿਗੇਡ ਅਤੇ ਡੀ.ਜੀ.ਸੀ.ਏ. ਦੀਆਂ ਟੀਮਾਂ ਮੌਕੇ ’ਤੇ ਜਾਂਚ ਕਰ ਰਹੀਆਂ ਹਨ।










