ਰੋਜ਼ਾਨਾ ਖ਼ਬਰ
ਜਲੰਧਰ/ਚੰਡੀਗੜ੍ਹ, 7 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 1 ਫਰਵਰੀ ਨੂੰ ਪੰਜਾਬ ਦਾ ਦੌਰਾ ਕਰਨਗੇ। ਕੇਂਦਰੀ ਬਜਟ ਪੇਸ਼ ਹੋਣ ਮਗਰੋਂ ਉਹ ਕਰੀਬ ਸ਼ਾਮ 4 ਵਜੇ ਜਲੰਧਰ ਸਥਿਤ ਡੇਰਾ ਬੱਲਾਂ ਪਹੁੰਚ ਕੇ ਰਵਿਦਾਸ ਜੈਅੰਤੀ ਦੇ ਮੌਕੇ ’ਤੇ ਨਤਮਸਤਕ ਹੋਣਗੇ। ਇਸ ਦੌਰੇ ਦੀ ਪੁਸ਼ਟੀ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕੀਤੀ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਡੇਰਾ ਬੱਲਾਂ ਦੇ ਸੰਤ ਨਿਰੰਜਨ ਦਾਸ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਦੋ ਦਿਨ ਪਹਿਲਾਂ ਹੀ ਸੰਤ ਨਿਰੰਜਨ ਦਾਸ ਨੂੰ ਪਦਮ ਸ੍ਰੀ ਐਵਾਰਡ ਦੇਣ ਦਾ ਐਲਾਨ ਵੀ ਹੋਇਆ ਹੈ। ਡੇਰਾ ਬੱਲਾਂ ਦੇ ਦੁਆਬਾ ਖੇਤਰ ਵਿੱਚ ਵੱਡੀ ਗਿਣਤੀ ਵਿੱਚ ਪੈਰੋਕਾਰ ਹਨ, ਜਿਸ ਕਰਕੇ ਇਹ ਦੌਰਾ ਧਾਰਮਿਕ ਦੇ ਨਾਲ-ਨਾਲ ਸਿਆਸੀ ਤੌਰ ’ਤੇ ਵੀ ਅਹਿਮ ਮੰਨਿਆ ਜਾ ਰਿਹਾ ਹੈ।
ਸਿਆਸੀ ਹਲਕਿਆਂ ਅਨੁਸਾਰ, ਪ੍ਰਧਾਨ ਮੰਤਰੀ ਦੀ ਇਹ ਪੰਜਾਬ ਫੇਰੀ ਆਗਾਮੀ ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿੱਚ ਮਹੱਤਵਪੂਰਨ ਹੈ। ਪੰਜਾਬ ਵਿੱਚ ਲਗਭਗ 34 ਫ਼ੀਸਦੀ ਆਬਾਦੀ ਅਨੁਸੂਚਿਤ ਜਾਤੀਆਂ ਦੀ ਹੈ ਅਤੇ ਭਾਜਪਾ ਇਸ ਵਾਰ ਸੂਬੇ ਵਿੱਚ ਇਕੱਲੇ ਤੌਰ ’ਤੇ ਚੋਣਾਂ ਲੜਨ ਦੇ ਰੌਂਅ ਵਿੱਚ ਹੈ। ਇਸ ਲਈ, ਮੋਦੀ ਦੀ ਡੇਰਾ ਬੱਲਾਂ ਯਾਤਰਾ ਨੂੰ ਚੋਣੀ ਤਿਆਰੀਆਂ ਦੇ ਹਿੱਸੇ ਵਜੋਂ ਵੀ ਦੇਖਿਆ ਜਾ ਰਿਹਾ ਹੈ।

ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਬਜਟ ਪੇਸ਼ੀ ਤੋਂ ਤੁਰੰਤ ਬਾਅਦ ਪ੍ਰਧਾਨ ਮੰਤਰੀ ਪੰਜਾਬ ਲਈ ਰਵਾਨਾ ਹੋਣਗੇ ਅਤੇ ਜਲੰਧਰ ਵਿੱਚ ਨਿਰਧਾਰਤ ਸਮੇਂ ਅਨੁਸਾਰ ਡੇਰਾ ਬੱਲਾਂ ਪਹੁੰਚਣਗੇ।










