ਜਤਿੰਦਰ ਬੈਂਸ / ਰੋਜ਼ਾਨਾ ਖ਼ਬਰ
ਮੋਗਾ, 14 ਮਾਰਚ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੋਗਾ ਵਿੱਚ ਭਾਜਪਾ ਦੀ “ਬਦਲਾਅ ਰੈਲੀ” ਦੌਰਾਨ ਸਪੱਸ਼ਟ ਕਰ ਦਿੱਤਾ ਕਿ ਭਾਰਤੀ ਜਨਤਾ ਪਾਰਟੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਆਪਣੇ ਦਮ ’ਤੇ ਸਰਕਾਰ ਬਣਾਉਣ ਦੇ ਲਕਸ਼ ਨਾਲ ਲੜੇਗੀ। ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨਾਲ ਮੁੜ ਗਠਜੋੜ ਦੇ ਚੱਲ ਰਹੇ ਕਿਆਸਾਂ ’ਤੇ ਲਗਭਗ ਵਿਰਾਮ ਲੱਗ ਗਿਆ ਹੈ।
ਪਿੰਡ ਕਿਲੀ ਚਾਹਲਾਂ ਵਿੱਚ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਭਾਜਪਾ ਨੇ ਅਗਲੇ ਸਾਲ ਦੀਆਂ ਚੋਣਾਂ ਲਈ ਆਪਣੀ ਮੁਹਿੰਮ ਦਾ ਆਗਾਜ਼ ਮੋਗਾ ਤੋਂ ਕਰ ਦਿੱਤਾ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਭਾਜਪਾ ਨੂੰ ਮੌਕਾ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਪਾਰਟੀ ਹੁਣ ਤੱਕ ਅਕਾਲੀ ਦਲ ਨਾਲ ਗਠਜੋੜ ਵਿੱਚ “ਛੋਟੇ ਭਰਾ” ਦੀ ਭੂਮਿਕਾ ਵਿੱਚ ਰਹੀ ਹੈ।
ਉਨ੍ਹਾਂ ਕਿਹਾ,
“ਜਦੋਂ ਵੀ ਅਸੀਂ ਤੁਹਾਡੇ ਸਾਹਮਣੇ ਆਏ, ਅਸੀਂ ਛੋਟੇ ਭਰਾ ਦੀ ਭੂਮਿਕਾ ਵਿੱਚ ਆਏ। ਪਰ ਹੁਣ 2027 ਦੀਆਂ ਚੋਣਾਂ ਵਿੱਚ ਭਾਜਪਾ ਆਪਣੀ ਸਰਕਾਰ ਬਣਾਉਣ ਲਈ ਮੈਦਾਨ ਵਿੱਚ ਉਤਰੇਗੀ।”
ਸ਼ਾਹ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੂੰ ਕਈ ਵਾਰ ਮੌਕਾ ਦੇ ਚੁੱਕੇ ਹਨ, ਹੁਣ ਰਾਜ ਵਿੱਚ ਬਦਲਾਅ ਲਈ ਭਾਜਪਾ ਨੂੰ ਮੌਕਾ ਦੇਣਾ ਚਾਹੀਦਾ ਹੈ। ਉਨ੍ਹਾਂ ਦਾ ਦਾਅਵਾ ਸੀ ਕਿ 2024 ਦੀਆਂ ਚੋਣਾਂ ਵਿੱਚ ਭਾਜਪਾ ਨੂੰ ਪੰਜਾਬ ਵਿੱਚ ਲਗਭਗ 19 ਫੀਸਦੀ ਵੋਟਾਂ ਮਿਲੀਆਂ ਸਨ ਅਤੇ ਜਿਨ੍ਹਾਂ ਰਾਜਾਂ ਵਿੱਚ ਭਾਜਪਾ ਨੂੰ ਇੰਨੀ ਵੋਟ ਮਿਲੀ, ਉੱਥੇ ਅਗਲੇ ਸਮੇਂ ਵਿੱਚ ਪਾਰਟੀ ਦੀ ਸਰਕਾਰ ਬਣੀ ਹੈ।
ਉਨ੍ਹਾਂ ਉਦਾਹਰਣ ਦਿੰਦਿਆਂ ਕਿਹਾ ਕਿ ਓਡੀਸ਼ਾ, ਅਸਾਮ, ਮਣੀਪੁਰ, ਤ੍ਰਿਪੁਰਾ ਅਤੇ ਉੱਤਰਾਖੰਡ ਵਿੱਚ ਵੀ ਇਸੇ ਤਰ੍ਹਾਂ ਦੀ ਸਥਿਤੀ ਰਹੀ ਹੈ ਅਤੇ ਹੁਣ ਪੰਜਾਬ ਵਿੱਚ ਭਾਜਪਾ ਆਪਣਾ ਅਧਾਰ ਮਜ਼ਬੂਤ ਕਰ ਰਹੀ ਹੈ।

ਗੌਰਤਲਬ ਹੈ ਕਿ ਸਤੰਬਰ 2020 ਵਿੱਚ ਤਿੰਨ ਖੇਤੀ ਕਾਨੂੰਨਾਂ ਦੇ ਮਸਲੇ ’ਤੇ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲ ਆਪਣਾ 24 ਸਾਲ ਪੁਰਾਣਾ ਗਠਜੋੜ ਤੋੜ ਦਿੱਤਾ ਸੀ। ਇਸ ਵੇਲੇ 117 ਮੈਂਬਰੀ ਪੰਜਾਬ ਵਿਧਾਨ ਸਭਾ ਵਿੱਚ ਭਾਜਪਾ ਦੇ ਕੇਵਲ ਦੋ ਵਿਧਾਇਕ ਹਨ।










