Share & like

ਐਸ.ਕੇ.ਐਮ., ਬਿਜਲੀ ਕਾਮਿਆਂ ਤੇ ਮਜ਼ਦੂਰ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਵਿੱਚ ਅਹਿਮ ਫੈਸਲੇ

ਜਤਿੰਦਰ ਬੈਂਸ / ਰੋਜ਼ਾਨਾ ਖ਼ਬਰ
ਗੁਰਦਾਸਪੁਰ, 22 ਜਨਵਰੀ
ਸੰਯੁਕਤ ਕਿਸਾਨ ਮੋਰਚਾ (ਐਸ.ਕੇ.ਐਮ.), ਬਿਜਲੀ ਕਾਮਿਆਂ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਹੋਣ ਵਾਲੇ ਟਰੈਕਟਰ ਤੇ ਸਾਈਕਲ ਮਾਰਚਾਂ ਅਤੇ 12 ਫਰਵਰੀ ਦੀ ਦੇਸ਼-ਵਿਆਪੀ ਹੜਤਾਲ ਦੀ ਕਾਮਯਾਬੀ ਲਈ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਸ਼ਹੀਦ ਬਲਜੀਤ ਸਿੰਘ ਭਵਨ, ਜੇਲ ਰੋਡ ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰੀ ਸਾਂਝੀ ਮੀਟਿੰਗ ਆਯੋਜਿਤ ਕੀਤੀ ਗਈ।
ਮੀਟਿੰਗ ਦੀ ਸਾਂਝੀ ਪ੍ਰਧਾਨਗੀ ਕਿਸਾਨ ਆਗੂ ਐਸ.ਪੀ. ਸਿੰਘ ਗੋਸਲ (ਸਾਬਕਾ ਸੈਨਿਕ ਸੰਘਰਸ਼ ਕਮੇਟੀ), ਬਿਜਲੀ ਮੁਲਾਜ਼ਮ ਆਗੂ ਜਸਪ੍ਰੀਤ ਸਿੰਘ ਅਤੇ ਮਜ਼ਦੂਰ ਆਗੂ ਬਲਵਿੰਦਰ ਸਿੰਘ ਊਦੀਪੁਰ ਨੇ ਕੀਤੀ। ਮੀਟਿੰਗ ਨੂੰ ਮੱਖਣ ਸਿੰਘ ਕੁਹਾੜ, ਲਖਵਿੰਦਰ ਸਿੰਘ ਮੰਜਿਆਂਵਾਲੀ, ਮੰਗਤ ਸਿੰਘ ਜੀਵਨ ਚੱਕ, ਬਚਨ ਸਿੰਘ ਭੰਬੋਈ, ਸੰਜੀਵ ਸ਼ਰਮਾ ਝਬਕਰਾ, ਸਾਹਿਬ ਸਿੰਘ ਚੱਕਅਰਾਈਆਂ, ਅਨੋਖ ਸਿੰਘ ਘੋੜੇਵਾਹ, ਦਿਲਬਾਗ ਸਿੰਘ ਰੱਤੋਵਾਲ, ਕੁਲਜੀਤ ਸਿੰਘ ਸਿੱਧਵਾ ਜਮੀਤਾ, ਜਸਵੰਤ ਸਿੰਘ ਬੁੱਟਰ, ਧਿਆਨ ਸਿੰਘ ਠਾਕੁਰ, ਵਿਜੇ ਸੋਹਲ, ਲਖਵਿੰਦਰ ਸਿੰਘ ਮਰੜ, ਬਲਬੀਰ ਸਿੰਘ ਬੈਂਸ, ਅਸ਼ਵਨੀ ਕੁਮਾਰ ਲਖਣ ਕਲਾਂ, ਗੁਲਜਾਰ ਸਿੰਘ ਬਸੰਤਕੋਟ, ਰਘਬੀਰ ਸਿੰਘ ਚਾਹਲ, ਅਜੀਤ ਸਿੰਘ ਹੁੰਦਲ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਕੁਲ ਹਿੰਦ ਜਥੇਬੰਦੀਆਂ ਦੇ ਸਾਂਝੇ ਫੈਸਲੇ ਅਨੁਸਾਰ ਹਰ ਤਹਿਸੀਲ ਵਿੱਚ ਟਰੈਕਟਰ ਅਤੇ ਮੋਟਰਸਾਈਕਲ ਝੰਡਾ ਮਾਰਚ ਕਰਵਾਏ ਜਾਣਗੇ। ਗੁਰਦਾਸਪੁਰ, ਕਲਾਨੌਰ, ਡੇਰਾ ਬਾਬਾ ਨਾਨਕ, ਫਤਿਹਗੜ੍ਹ ਚੂੜੀਆਂ, ਬਟਾਲਾ, ਸ਼੍ਰੀ ਹਰਗੋਬਿੰਦਪੁਰ ਸਮੇਤ ਹੋਰ ਤਹਿਸੀਲਾਂ ਵਿੱਚ ਮਾਰਚਾਂ ਨੂੰ ਸਫਲ ਬਣਾਉਣ ਲਈ ਕਨਵੀਨਰ ਨਿਯੁਕਤ ਕੀਤੇ ਗਏ।
ਇਹ ਮਾਰਚ ਬਿਜਲੀ ਸੋਧ ਬਿੱਲ ਅਤੇ ਬੀਜ ਬਿੱਲ ਵਾਪਸ ਲੈਣ, ਮਜ਼ਦੂਰਾਂ ਦੇ ਪੁਰਾਣੇ 44 ਕਾਨੂੰਨ ਬਹਾਲ ਕਰਨ ਅਤੇ ਮਨਰੇਗਾ ਯੋਜਨਾ ਨੂੰ ਮੁੜ ਲਾਗੂ ਕਰਨ ਦੀਆਂ ਮੰਗਾਂ ਨੂੰ ਲੈ ਕੇ ਕੀਤੇ ਜਾਣਗੇ। ਇਸਦੇ ਨਾਲ ਹੀ 12 ਫਰਵਰੀ ਦੀ ਦੇਸ਼-ਵਿਆਪੀ ਹੜਤਾਲ ਨੂੰ ਸਫਲ ਬਣਾਉਣ ਲਈ ਪਿੰਡ-ਪਿੰਡ ਢੋਲ ਵਜਾ ਕੇ ਅਤੇ ਹੋਰ ਤਰੀਕਿਆਂ ਰਾਹੀਂ ਲੋਕਾਂ ਨੂੰ ਕੇਂਦਰ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਖ਼ਿਲਾਫ਼ ਜਾਗਰੂਕ ਕੀਤਾ ਜਾਵੇਗਾ।
ਮੀਟਿੰਗ ਵਿੱਚ ਇਹ ਵੀ ਚੇਤਾਵਨੀ ਦਿੱਤੀ ਗਈ ਕਿ ਜੇਕਰ ਬਿਜਲੀ ਸੋਧ ਬਿੱਲ ਅਤੇ ਬੀਜ ਬਿੱਲ ਪਾਰਲੀਮੈਂਟ ਵਿੱਚ ਪੇਸ਼ ਕੀਤੇ ਗਏ ਤਾਂ ਅਗਲੇ ਹੀ ਦਿਨ ਦੇਸ਼ ਭਰ ਵਿੱਚ ਦੁਪਹਿਰ 12 ਤੋਂ 3 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ, ਜਿਸ ਲਈ ਸਾਰੇ ਪ੍ਰਬੰਧ ਪਹਿਲਾਂ ਹੀ ਮੁਕੰਮਲ ਕਰ ਲਏ ਗਏ ਹਨ।
ਇਸ ਮੌਕੇ ਬਲਬੀਰ ਸਿੰਘ ਉੱਚਾ ਧਕਾਲਾ, ਗੁਰਮੀਤ ਸਿੰਘ ਥਾਣੇਵਾਲ, ਬਲਬੀਰ ਸਿੰਘ ਬੈਂਸ, ਪਲਵਿੰਦਰ ਸਿੰਘ ਘਰਾਲਾ ਅਤੇ ਸਾਹਿਬ ਸਿੰਘ ਚੱਕਅਰਾਈਆਂ ਨੂੰ ਸ਼ਾਮਲ ਕਰਕੇ ਇੱਕ ਪ੍ਰਬੰਧਕੀ ਕਮੇਟੀ ਦਾ ਗਠਨ ਵੀ ਕੀਤਾ ਗਿਆ।

ਮੀਟਿੰਗ ਵਿੱਚ ਗੁਰਮੁਖ ਸਿੰਘ ਖਹਿਰਾ, ਮੱਖਣ ਸਿੰਘ ਤਿੱਬੜ, ਬਲਬੀਰ ਸਿੰਘ ਮਾੜੇ, ਰਣਜੀਤ ਸਿੰਘ ਰਾਣਾ, ਬਲਪ੍ਰੀਤ ਸਿੰਘ ਪ੍ਰਿੰਸ ਘਰਾਲਾ, ਅਬਿਨਾਸ਼ ਸਿੰਘ ਹੈਡ ਮਾਸਟਰ, ਗੁਰਦੀਪ ਸਿੰਘ ਮੁਸਤਫਾਬਾਦ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ ਅਤੇ ਬਿਜਲੀ ਕਾਮੇ ਹਾਜ਼ਰ ਸਨ।


Share & like

Leave a Reply