ਕੇ.ਐੱਮ.ਐੱਮ. ਵੱਲੋਂ ਸਮਾਰਟ ਮੀਟਰ ਉਤਾਰ ਕੇ ਬਿਜਲੀ ਦਫ਼ਤਰਾਂ ਦੋਰਾਗਲਾ ਵਿੱਚ ਕਰਵਾਏ ਜਮ੍ਹਾਂ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 22 ਜਨਵਰੀ
ਕਿਸਾਨ ਮਜ਼ਦੂਰ ਮੋਰਚੇ ਵੱਲੋਂ ਬਿਜਲੀ ਦੇ ਨਿੱਜੀਕਰਨ ਅਤੇ ਪ੍ਰੀਪੇਡ ਸਮਾਰਟ ਮੀਟਰਾਂ ਦੇ ਵਿਰੋਧ ਵਿੱਚ ਚਲਾਈ ਜਾ ਰਹੀ “ਮੀਟਰ ਪੁੱਟ ਮੁਹਿੰਮ” ਦੂਜੇ ਦਿਨ ਵੀ ਜ਼ੋਰ-ਸ਼ੋਰ ਨਾਲ ਜਾਰੀ ਰਹੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਜੋਨ ਤੇਜਾ ਸਿੰਘ ਸੁਤੰਤਰ ਦੀ ਅਗਵਾਈ ਹੇਠ ਪਿੰਡ ਕਾਲੂਪੁਰ, ਅੱਲੜ ਪਿੰਡੀ, ਡੁਗਰੀ, ਆਲੀਨੰਗਲ, ਆਦੀਆਂ, ਨਡਾਲਾ, ਚਗੂਵਾਲਾ, ਨੰਗਲ ਡਾਲਾ, ਬਾਉਪੁਰ ਆਦਿ ਪਿੰਡਾਂ ਵਿੱਚ ਵੱਡੇ ਪੱਧਰ ‘ਤੇ ਲੋਕਾਂ ਨੇ ਸਹਿਯੋਗ ਦਿੱਤਾ।

ਇਸ ਦੌਰਾਨ ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਭਗਵੰਤ ਮਾਨ ਸਰਕਾਰ ਵੱਲੋਂ ਲਗਾਏ ਗਏ ਕੁੱਲ 38 ਸਮਾਰਟ ਮੀਟਰ ਉਤਾਰ ਕੇ ਦੋਰਾਗਲਾ ਸਬ-ਸਟੇਸ਼ਨ ਵਿੱਚ ਜਮ੍ਹਾਂ ਕਰਵਾਏ ਗਏ। ਵੱਖ-ਵੱਖ ਪਿੰਡਾਂ ਵਿੱਚ ਹੋਰ ਜਥੇਬੰਦੀਆਂ ਵੱਲੋਂ ਵੀ ਇਹ ਕਾਰਵਾਈ ਜ਼ੋਰਦਾਰ ਢੰਗ ਨਾਲ ਕੀਤੀ ਗਈ।
ਇਸ ਮੌਕੇ ਜੋਨ ਪ੍ਰਧਾਨ ਨਿਰਮਲ ਸਿੰਘ, ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ, ਰਣਬੀਰ ਸਿੰਘ ਡੁਗਰੀ, ਸੁਖਵਿੰਦਰ ਸਿੰਘ ਅੱਲੜ ਪਿੰਡੀ, ਨਰਿੰਦਰ ਸਿੰਘ ਆਲੀਨੰਗਲ, ਨਿਸ਼ਾਨ ਸਿੰਘ ਬਾਉਪੁਰ, ਸਤਨਾਮ ਸਿੰਘ ਖਜਾਨਚੀ, ਕਰਨੈਲ ਸਿੰਘ ਮੱਲ੍ਹੀ ਆਦਿ ਨੇ ਕਿਹਾ ਕਿ 5 ਫਰਵਰੀ 2026 ਨੂੰ ਪੰਜਾਬ ਸਰਕਾਰ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਦੌਰਾਨ ਕਿਸਾਨਾਂ-ਮਜ਼ਦੂਰਾਂ ਦੇ ਮੁੱਦਿਆਂ ਸਬੰਧੀ ਮੰਗ ਪੱਤਰ ਵੀ ਸੌਂਪੇ ਜਾਣਗੇ, ਜਿਨ੍ਹਾਂ ਵਿੱਚ ਹੜ੍ਹ ਪੀੜਤਾਂ ਨੂੰ ਖਰਾਬੇ ਦੀ ਭਰਪਾਈ ਵਰਗੀਆਂ ਮੰਗਾਂ ਸ਼ਾਮਲ ਹਨ।
ਆਗੂਆਂ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਨੂੰ ਖਪਤਕਾਰਾਂ ਦੇ ਘਰਾਂ ‘ਚ ਮੀਟਰ ਲਗਣ ‘ਤੇ ਇਤਰਾਜ਼ ਨਹੀਂ, ਪਰ ਪ੍ਰੀਪੇਡ ਸਮਾਰਟ ਮੀਟਰਾਂ ਦੀ ਥਾਂ ਰਵਾਇਤੀ ਮਕੈਨਿਕਲ ਮੀਟਰ ਲਗਾਏ ਜਾਣ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਦੇ ਮੰਤਰੀ ਪਹਿਲਾਂ ਮੀਟਿੰਗਾਂ ਦੌਰਾਨ ਇਹ ਕਹਿੰਦੇ ਰਹੇ ਕਿ ਇਹ ਮੀਟਰ ਪ੍ਰੀਪੇਡ ਨਹੀਂ ਹਨ, ਪਰ ਹੁਣ ਖੁਦ ਮੰਨ ਚੁੱਕੇ ਹਨ ਕਿ ਮੋਬਾਈਲ ਰੀਚਾਰਜ ਵਾਂਗ ਪਹਿਲਾਂ ਪੈਸੇ ਪਾਓ, ਫਿਰ ਬਿਜਲੀ ਮਿਲੇਗੀ।
ਉਨ੍ਹਾਂ ਕਿਹਾ ਕਿ ਬਿਜਲੀ ਸੋਧ ਬਿੱਲ 2025 ਰਾਹੀਂ ਕਰੋਸ ਸਬਸਿਡੀ ਖਤਮ ਕਰਕੇ ਲੋਕਾਂ ਨੂੰ ਮਹਿੰਗੀ ਬਿਜਲੀ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਅਡਵਾਂਸ ਵਿੱਚ ਭਾਰੀ ਰਕਮ ਵਸੂਲਣ ਲਈ ਇਹ ਸਮਾਰਟ ਮੀਟਰ ਲਗਾਏ ਜਾ ਰਹੇ ਹਨ। ਆਗੂਆਂ ਨੇ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ ਅਤੇ ਬਿਜਲੀ ਸੋਧ ਬਿੱਲ 2025 ਦਾ ਸਖ਼ਤ ਵਿਰੋਧ ਜਾਰੀ ਰਹੇਗਾ।

ਇਸ ਮੌਕੇ ਦਲਬੀਰ ਸਿੰਘ ਠੁੰਡੀ, ਮਾਸਟਰ ਗੁਰਜਿੰਦਰ ਸਿੰਘ ਦੋਰਾਗਲਾ, ਸੁੱਚਾ ਸਿੰਘ ਬਲੱਗਣ, ਜਪਕੀਰਤ ਹੁੰਦਲ, ਕੁਲਵੰਤ ਸਿੰਘ ਨੰਗਲ ਡਾਲਾ, ਬਾਬਾ ਰਸ਼ਪਾਲ ਸਿੰਘ, ਬੀਬੀ ਮਨਜਿੰਦਰ ਕੌਰ, ਬੀਬੀ ਕੁਲਵਿੰਦਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਮਜ਼ਦੂਰ ਹਾਜ਼ਰ ਸਨ।










