ਡੇਰਾ ਬਾਬਾ ਨਾਨਕ ਰੋਡ ’ਤੇ ਪਿੰਡ ਡੁਗਰੀ ਵਿਖੇ ਪੰਜਾਬ ਸਰਕਾਰ ਦਾ ਪੂਤਲਾ ਫੂਕਿਆ, ਸੰਘਰਸ਼ ਤੇਜ਼ ਕਰਨ ਦੀ ਚੇਤਾਵਨੀ
ਗੁਰਦਾਸਪੁਰ, 19 ਜਨਵਰੀ (ਰੋਜ਼ਾਨਾ ਖ਼ਬਰ) ਪੰਜਾਬ ਵਿੱਚ ਕਿਸਾਨ ਆਗੂਆਂ ਦੀ ਗਿਰਫ਼ਤਾਰੀ ਦੇ ਵਿਰੋਧ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੰਘਰਸ਼ ਹੋਰ ਤੇਜ਼ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਜੋਨ ਤੇਜਾ ਸਿੰਘ ਸੁਤੰਤਰ ਦੇ ਸੱਦੇ ’ਤੇ ਪਿੰਡ ਡੁਗਰੀ (ਡੇਰਾ ਬਾਬਾ ਨਾਨਕ ਰੋਡ) ਵਿਖੇ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੂਤਲਾ ਫੂਕ ਕੇ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਹ ਪ੍ਰਦਰਸ਼ਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਜੋਨ ਦੇ ਪ੍ਰਧਾਨ ਨਿਰਮਲ ਸਿੰਘ ਆਦੀ, ਜ਼ਿਲ੍ਹਾ ਪ੍ਰੈਸ ਸਕੱਤਰ ਸੁਖਦੇਵ ਸਿੰਘ ਅੱਲੜ ਪਿੰਡੀ, ਖਜਾਨਚੀ ਸਤਨਾਮ ਸਿੰਘ ਅਤੇ ਰਣਬੀਰ ਸਿੰਘ ਡੁਗਰੀ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਰੋਸ ਪ੍ਰਦਰਸ਼ਨ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਸ਼ਾਂਤਮਈ ਅਤੇ ਲੋਕਤੰਤਰਕ ਲੜਾਈ ਨੂੰ ਜਬਰ ਨਾਲ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਲੋਕਤੰਤਰਕ ਮੁਲ੍ਹਾਂ ਦੇ ਸਿੱਧੇ ਖ਼ਿਲਾਫ਼ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਜ਼ਿਲ੍ਹਾ ਸੰਗਰੂਰ ਦੇ ਕਿਸਾਨ ਏਕਤਾ ਆਜ਼ਾਦ ਦੇ ਪ੍ਰਧਾਨ ਜਸਵਿੰਦਰ ਸਿੰਘ ਲੌਗੋਵਾਲ ਸਮੇਤ ਕਰੀਬ 45 ਕਿਸਾਨ ਆਗੂਆਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਕਿਸਾਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਇਸਦੇ ਨਾਲ ਹੀ ਕੇਐੱਮਐੱਮ ਦੇ ਕੋਆਰਡੀਨੇਟਰ ਸਰਵਣ ਸਿੰਘ ਪੰਧੇਰ ਦੀ ਗਿਰਫ਼ਤਾਰੀ ਨੂੰ ਵੀ ਤਾਨਾਸ਼ਾਹੀ ਫੈਸਲਾ ਕਰਾਰ ਦਿੱਤਾ ਗਿਆ।
ਕਿਸਾਨ ਆਗੂਆਂ ਬੀਬੀ ਮਨਜਿੰਦਰ ਕੌਰ ਡੁਗਰੀ, ਸੁਖਵਿੰਦਰ ਸਿੰਘ ਅੱਲੜ ਪਿੰਡੀ, ਨਿਸ਼ਾਨ ਸਿੰਘ ਬਾਉਪੁਰ, ਕੁਲਵੰਤ ਸਿੰਘ ਨੰਗਲ ਡਾਲਾ ਅਤੇ ਨਰਿੰਦਰ ਸਿੰਘ ਆਲੀਨੰਗਲ ਨੇ ਕਿਹਾ ਕਿ ਕਿਸਾਨ ਸਦਾ ਹੀ ਸ਼ਾਂਤਮਈ ਤਰੀਕੇ ਨਾਲ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਆ ਰਹੇ ਹਨ, ਪਰ ਸਰਕਾਰ ਵੱਲੋਂ ਪੁਲਿਸ ਤੇ ਪ੍ਰਸ਼ਾਸਨ ਦੇ ਜ਼ਰੀਏ ਦਬਾਅ ਬਣਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਇਹ ਸਿਰਫ਼ ਕਿਸਾਨਾਂ ਦੀ ਨਹੀਂ, ਸਗੋਂ ਪੰਜਾਬ ਦੇ ਆਮ ਲੋਕਾਂ ਦੀ ਆਵਾਜ਼ ਨੂੰ ਵੀ ਦਬਾਉਣ ਦੇ ਬਰਾਬਰ ਹੈ।
ਕਿਸਾਨ ਆਗੂਆਂ ਨੇ ਦੱਸਿਆ ਕਿ ਇਨ੍ਹਾਂ ਗਿਰਫ਼ਤਾਰੀਆਂ ਦੇ ਵਿਰੋਧ ਵਿੱਚ ਬੀਤੇ ਦਿਨਾਂ ਦੌਰਾਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸੜਕਾਂ ਅਤੇ ਰੇਲ ਪਟੜੀਆਂ ’ਤੇ ਚੱਕਾ ਜਾਮ ਕੀਤਾ ਗਿਆ, ਜਿਸ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਅੱਜ ਪੂਤਲਾ ਫੂਕ ਕੇ ਕੀਤਾ ਗਿਆ ਰੋਸ ਪ੍ਰਦਰਸ਼ਨ ਸਰਕਾਰ ਲਈ ਇੱਕ ਸਪਸ਼ਟ ਚੇਤਾਵਨੀ ਹੈ।
ਉਨ੍ਹਾਂ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਸਰਕਾਰ ਨੇ ਤੁਰੰਤ ਕਿਸਾਨ ਆਗੂਆਂ ਨੂੰ ਬਿਨਾਂ ਕਿਸੇ ਸ਼ਰਤ ਦੇ ਰਿਹਾਅ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

ਇਸ ਮੌਕੇ ਸੁੱਚਾ ਸਿੰਘ ਬਲੱਗਣ, ਕਰਨੈਲ ਸਿੰਘ ਆਦੀ, ਹਰਮੀਤ ਸਿੰਘ, ਮਹਿੰਦਰ ਸਿੰਘ ਥੱਮਣ, ਜਪਕੀਰਤ ਹੁੰਦਲ, ਜਰਨੈਲ ਸਿੰਘ, ਬਾਬਾ ਰਸ਼ਪਾਲ ਸਿੰਘ, ਕਰਨੈਲ ਸਿੰਘ ਮੱਲ੍ਹੀ, ਬੀਬੀ ਕੁਲਵਿੰਦਰ ਕੌਰ, ਬੀਬੀ ਜਗੀਰ ਕੌਰ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਪਿੰਡ ਵਾਸੀ ਹਾਜ਼ਰ ਸਨ।










