ਈਮੇਲ ਰਾਹੀਂ ਮਿਲੀ ਧਮਕੀ ਤੋਂ ਬਾਅਦ ਪ੍ਰਸ਼ਾਸਨ ਅਲਰਟ, ਦਫ਼ਤਰ ਖਾਲੀ ਕਰਵਾਏ
ਰੋਜ਼ਾਨਾ ਖ਼ਬਰ
ਚੰਡੀਗੜ੍ਹ/ਮੁਕਤਸਰ/ਗੁਰਦਾਸਪੁਰ/ਫਾਜ਼ਿਲਕਾ, 16 ਜਨਵਰੀ
ਪੰਜਾਬ ਦੇ ਤਿੰਨ ਜ਼ਿਲ੍ਹਿਆਂ ਮੁਕਤਸਰ, ਗੁਰਦਾਸਪੁਰ ਅਤੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਨਾਲ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ। ਜਾਣਕਾਰੀ ਅਨੁਸਾਰ ਇਹ ਧਮਕੀ ਇੱਕ ਈਮੇਲ ਰਾਹੀਂ ਭੇਜੀ ਗਈ, ਜਿਸ ਤੋਂ ਬਾਅਦ ਤੁਰੰਤ ਸੁਰੱਖਿਆ ਏਜੰਸੀਆਂ ਨੂੰ ਸੂਚਿਤ ਕੀਤਾ ਗਿਆ।
ਧਮਕੀ ਮਿਲਦੇ ਹੀ ਤਿੰਨਾਂ ਜ਼ਿਲ੍ਹਿਆਂ ਦੇ ਡੀਸੀ ਦਫ਼ਤਰਾਂ ਨੂੰ ਸਾਵਧਾਨੀ ਵਜੋਂ ਖਾਲੀ ਕਰਵਾ ਲਿਆ ਗਿਆ। ਪੁਲਿਸ, ਬੰਬ ਨਿਰੋਧਕ ਦਸਤੇ ਅਤੇ ਡਾਗ ਸਕੁਆਡ ਵੱਲੋਂ ਦਫ਼ਤਰਾਂ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ। ਹੁਣ ਤੱਕ ਕਿਸੇ ਵੀ ਸ਼ੱਕੀ ਵਸਤੂ ਦੇ ਮਿਲਣ ਦੀ ਪੁਸ਼ਟੀ ਨਹੀਂ ਹੋਈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਧਮਕੀ ਭੇਜਣ ਵਾਲੀ ਈਮੇਲ ਦੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਾਇਬਰ ਸੈਲ ਨੂੰ ਵੀ ਮਾਮਲੇ ਵਿੱਚ ਸ਼ਾਮਲ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

ਅਧਿਕਾਰੀਆਂ ਮੁਤਾਬਕ ਸਥਿਤੀ ਪੂਰੀ ਤਰ੍ਹਾਂ ਕਾਬੂ ਵਿੱਚ ਹੈ ਅਤੇ ਸੁਰੱਖਿਆ ਦੇ ਪੱਕੇ ਪ੍ਰਬੰਧ ਕੀਤੇ ਗਏ ਹਨ। ਜਾਂਚ ਪੂਰੀ ਹੋਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।










