Share & like

ਸ਼ੁਭਮ ਕਲੋਨੀ ਤੇ ਗੋਬਿੰਦ ਨਗਰ ਵਾਸੀਆਂ ਨੇ ਪ੍ਰਸ਼ਾਸਨ ਦਾ ਕੀਤਾ ਧੰਨਵਾਦ

ਰੋਜ਼ਾਨਾ ਖ਼ਬਰ
ਗੁਰਦਾਸਪੁਰ, 10 ਜਨਵਰੀ
ਸ਼ੁਭਮ ਕਲੋਨੀ ਤੋਂ ਨਬੀਪੁਰ (ਕਲਾਨੌਰ ਰੋਡ) ਵੱਲ ਜਾਣ ਵਾਲੇ ਸਰਕਾਰੀ ਰਸਤੇ ’ਤੇ ਕੁਝ ਵਿਅਕਤੀਆਂ ਵੱਲੋਂ ਨਿੱਜੀ ਹਿੱਤਾਂ ਲਈ ਨਜਾਇਜ਼ ਤੌਰ ’ਤੇ ਲਗਾਇਆ ਗਿਆ ਗੇਟ ਪ੍ਰਸ਼ਾਸਨ ਵੱਲੋਂ ਹਟਾ ਕੇ ਆਵਾਜਾਈ ਬਹਾਲ ਕਰ ਦਿੱਤੀ ਗਈ ਹੈ। ਗੇਟ ਲਗਾ ਕੇ ਰਸਤਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ ਅਤੇ ਤਾਲਾ ਮਾਰ ਦਿੱਤਾ ਗਿਆ ਸੀ, ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਰਸਤਾ ਬੰਦ ਹੋਣ ਕਾਰਨ ਕਾਲੋਨੀ ਵਾਸੀਆਂ ਨੂੰ ਰੋਜ਼ਾਨਾ ਦੀਆਂ ਜ਼ਰੂਰਤਾਂ ਲਈ, ਨੌਕਰੀਪੇਸ਼ਾ ਲੋਕਾਂ ਨੂੰ ਡਿਊਟੀ ’ਤੇ ਜਾਣ, ਵਿਦਿਆਰਥੀਆਂ ਨੂੰ ਸਕੂਲ/ਕਾਲਜ ਅਤੇ ਬਜ਼ੁਰਗਾਂ ਨੂੰ ਇਲਾਜ ਲਈ ਜਾਣ ਵਿੱਚ ਵੱਡੀ ਦਿੱਕਤ ਆ ਰਹੀ ਸੀ। ਇਸ ਸਬੰਧੀ ਸ਼ੁਭਮ ਕਲੋਨੀ ਵਾਸੀਆਂ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਲਿਖਤੀ ਬੇਨਤੀ ਦੇ ਕੇ ਸਰਕਾਰੀ ਰਸਤਾ ਖੋਲ੍ਹਣ ਦੀ ਮੰਗ ਕੀਤੀ ਗਈ।
ਡਿਪਟੀ ਕਮਿਸ਼ਨਰ ਗੁਰਦਾਸਪੁਰ ਸ਼੍ਰੀ ਅਦਿੱਤਯ ਜੀ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਕਾਰਵਾਈ ਦੇ ਹੁਕਮ ਜਾਰੀ ਕੀਤੇ। ਉਨ੍ਹਾਂ ਦੇ ਆਦੇਸ਼ਾਂ ਅਨੁਸਾਰ ਨਗਰ ਕੌਂਸਲ ਗੁਰਦਾਸਪੁਰ ਦੇ ਕਾਰਜ ਸਾਧਕ ਅਫਸਰ ਸ਼੍ਰੀ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਨਿਯਮਾਂ ਅਨੁਸਾਰ ਗੇਟ ਨੂੰ ਹਟਾ ਕੇ ਸਰਕਾਰੀ ਰਸਤੇ ’ਤੇ ਆਵਾਜਾਈ ਮੁੜ ਬਹਾਲ ਕਰ ਦਿੱਤੀ।
ਇਸ ਮੌਕੇ ਜਾਣਕਾਰੀ ਦਿੰਦਿਆਂ ਸ਼ੁਭਮ ਕਲੋਨੀ ਵਾਸੀਆਂ ਕੁਲਦੀਪ ਸਿੰਘ ਪੁਰੋਵਾਲ, ਅਜੀਤ ਸਿੰਘ, ਬਲਦੇਵ ਰਾਜ, ਰਾਜੇਸ਼ ਕੁਮਾਰ, ਦਰਸ਼ਨ ਲਾਲ ਅਤੇ ਤਰਸੇਮ ਲਾਲ ਨੇ ਕਿਹਾ ਕਿ ਇਹ ਰਸਤਾ ਕਲੋਨੀ ਦੇ ਮਨਜ਼ੂਰਸ਼ੁਦਾ ਨਕਸ਼ੇ ਵਿੱਚ ਦਰਜ ਹੈ ਅਤੇ ਸਰਕਾਰੀ ਖ਼ਰਚ ਨਾਲ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਰਸਤਾ ਦੋ ਕਾਲੋਨੀਆਂਸ਼ੁਭਮ ਕਲੋਨੀ ਅਤੇ ਗੋਬਿੰਦ ਨਗਰ ਨੂੰ ਜੋੜਦਾ ਹੈ ਅਤੇ ਕਿਸੇ ਵੀ ਨਾਗਰਿਕ ਦਾ ਰਾਹ ਰੋਕਣਾ ਕਾਨੂੰਨ ਅਨੁਸਾਰ ਜੁਰਮ ਹੈ।

ਰਸਤਾ ਬਹਾਲ ਹੋਣ ’ਤੇ ਸ਼ੁਭਮ ਕਲੋਨੀ ਅਤੇ ਲਗਦੇ ਗੋਬਿੰਦ ਨਗਰ ਦੇ ਵਸਨੀਕਾਂ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ, ਨਗਰ ਕੌਂਸਲ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਵਰਿੰਦਰ ਸਿੰਘ, ਅਨਿਲ ਕੁਮਾਰ ਲਾਹੌਰੀਆ, ਕਰਤਾਰ ਸਿੰਘ, ਰਾਜੇਸ਼ ਕੁਮਾਰ, ਰਾਜਿੰਦਰ ਕੁਮਾਰ ਸਮੇਤ ਹੋਰ ਇਲਾਕਾ ਵਾਸੀ ਵੀ ਹਾਜ਼ਰ ਸਨ।


Share & like

Leave a Reply