Share & like

ਲਹਿਰਾਗਾਗਾ ’ਚ ਨਵਾਂ ਮੈਡੀਕਲ ਕਾਲਜ ਬਣੇਗਾ; 100 ਸੀਟਾਂ ਤੇ 220 ਬੈੱਡਾਂ ਵਾਲਾ ਹਸਪਤਾਲ ਵੀ ਸ਼ਾਮਲ

ਚੰਡੀਗੜ੍ਹ, 9 ਜਨਵਰੀ (ਰੋਜ਼ਾਨਾ ਖ਼ਬਰ)
ਪੰਜਾਬ ਕੈਬਨਿਟ ਨੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਪੰਜਾਬ ’ਚ ਵਿਦੇਸ਼ੀ ਤਰਜ਼ ’ਤੇ ਪ੍ਰਾਈਵੇਟ ਡਿਜੀਟਲ ਓਪਨ ਯੂਨੀਵਰਸਿਟੀ ਖੋਲ੍ਹਣ ਲਈ ਨਵੀਂ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ। ਇਸ ਯੂਨੀਵਰਸਿਟੀ ਰਾਹੀਂ ਵਿਦਿਆਰਥੀ ਘਰ ਬੈਠਿਆਂ ਹੀ ਆਨਲਾਈਨ ਮਾਧਿਅਮ ਰਾਹੀਂ ਉੱਚ ਸਿੱਖਿਆ ਪ੍ਰਾਪਤ ਕਰ ਸਕਣਗੇ।
ਕੈਬਨਿਟ ਨੇ ਲਹਿਰਾਗਾਗਾ ਵਿੱਚ ਨਵਾਂ ਮੈਡੀਕਲ ਕਾਲਜ ਬਣਾਉਣ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ। ਮੌਜੂਦਾ ਬਾਬਾ ਹੀਰਾ ਸਿੰਘ ਭੱਠਲ ਕਾਲਜ ਨੂੰ ਮੈਡੀਕਲ ਕਾਲਜ ਵਿੱਚ ਤਬਦੀਲ ਕੀਤਾ ਜਾਵੇਗਾ। ਮੁੱਢਲੇ ਪੜਾਅ ਵਿੱਚ ਇਸ ਕਾਲਜ ਵਿੱਚ 100 ਐਮ.ਬੀ.ਬੀ.ਐਸ. ਸੀਟਾਂ ਹੋਣਗੀਆਂ ਅਤੇ 220 ਬੈੱਡਾਂ ਵਾਲਾ ਹਸਪਤਾਲ ਵੀ ਬਣਾਇਆ ਜਾਵੇਗਾ। ਪੁਰਾਣੇ ਕਾਲਜ ਦੇ ਸਟਾਫ਼ ਨੂੰ ਹੋਰ ਥਾਵਾਂ ’ਤੇ ਐਡਜਸਟ ਕੀਤਾ ਜਾਵੇਗਾ, ਜਿਨ੍ਹਾਂ ਨੂੰ ਪਿਛਲੇ 36 ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ ਸੀ। ਇਸ ਮੈਡੀਕਲ ਕਾਲਜ ਨਾਲ ਖਨੌਰੀ ਅਤੇ ਮੂਨਕ ਦੇ ਹਸਪਤਾਲ ਵੀ ਜੋੜੇ ਜਾਣਗੇ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕੈਬਨਿਟ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਮਾਡਾ ਦੇ ਉਹ ਪਲਾਟ, ਜਿਨ੍ਹਾਂ ਦੀ ਉੱਚੀ ਰਾਖਵੀਂ ਕੀਮਤ ਕਾਰਨ ਕੋਈ ਬੋਲੀ ਨਹੀਂ ਪੈ ਰਹੀ ਸੀ, ਉਨ੍ਹਾਂ ਦੀ ਕੀਮਤ ਵਿੱਚ 22.50 ਫ਼ੀਸਦੀ ਕਟੌਤੀ ਕੀਤੀ ਜਾਵੇਗੀ ਅਤੇ ਮੁੜ ਬੋਲੀ ਲਗਾਈ ਜਾਵੇਗੀ।
ਕੈਬਨਿਟ ਨੇ ਸਤਲੁਜ ਦਰਿਆ ਵਿੱਚੋਂ ਗਾਰ ਕੱਢਣ ਲਈ ਕੌਮੀ ਸੜਕ ਮਾਰਗ ਅਥਾਰਿਟੀ (NHAI) ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਐਨ.ਐਚ.ਏ.ਆਈ. ਵੱਲੋਂ 3 ਰੁਪਏ ਪ੍ਰਤੀ ਕਿਊਬਿਕ ਫੁੱਟ ਦੀ ਦਰ ਨਾਲ ਮਿੱਟੀ ਕੱਢੀ ਜਾਵੇਗੀ। ਇਹ ਫੈਸਲਾ ਉਹਨਾਂ ਸਾਈਟਾਂ ਲਈ ਕੀਤਾ ਗਿਆ ਹੈ ਜਿੱਥੇ ਡੀਸਿਲਟਿੰਗ ਲਈ ਕੋਈ ਠੇਕੇਦਾਰ ਅੱਗੇ ਨਹੀਂ ਆਇਆ।

ਪੰਜਾਬ ਸਰਕਾਰ ਦਾ ਟੀਚਾ ਹੈ ਕਿ ਅਗਲੇ ਬਾਰਸ਼ੀ ਮੌਸਮ ਤੋਂ ਪਹਿਲਾਂ ਦਰਿਆਵਾਂ ਦੀ ਸਫ਼ਾਈ ਦਾ ਕੰਮ ਮੁਕੰਮਲ ਕੀਤਾ ਜਾਵੇ। ਇਸ ਸਬੰਧੀ 30 ਜੂਨ 2026 ਤੱਕ ਸਤਲੁਜ ਦਰਿਆ ਵਿੱਚੋਂ ਗਾਰ ਕੱਢਣ ਦੀ ਮਨਜ਼ੂਰੀ ਦਿੱਤੀ ਗਈ ਹੈ, ਤਾਂ ਜੋ ਲੁਧਿਆਣਾ-ਰੋਪੜ ਸੜਕ ਪ੍ਰੋਜੈਕਟ ਲਈ ਮਿੱਟੀ ਦੀ ਕਮੀ ਕਾਰਨ ਪੈਦਾ ਹੋ ਰਹੀਆਂ ਰੁਕਾਵਟਾਂ ਦੂਰ ਕੀਤੀਆਂ ਜਾ ਸਕਣ।


Share & like

Leave a Reply