ਬਟਾਲਾ/ਗੁਰਦਾਸਪੁਰ, 30 ਦਸੰਬਰ
ਭੱਠਾ ਮਜ਼ਦੂਰ ਯੂਨੀਅਨ (ਏਕਟੂ) ਦੀ ਮਹੱਤਵਪੂਰਣ ਮੀਟਿੰਗ ਯੂਨੀਅਨ ਦੇ ਫੈਜਪੁਰਾ ਦਫ਼ਤਰ ਵਿੱਚ ਜ਼ਿਲ੍ਹਾ ਪ੍ਰਧਾਨ ਪ੍ਰੇਮ ਮਸੀਹ ਸੋਨਾ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ ਸੀਪੀਆਈਐਮਐਲ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਦੀ ਸਰਕਾਰ ਵੱਲੋਂ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਅਤੇ ਮਨਰੇਗਾ ਸਕੀਮ ਨੂੰ ਖਤਮ ਕਰਨ ਦੇ ਕਦਮਾਂ ਦੀ ਕੜੀ ਨਿੰਦਾ ਕੀਤੀ।
ਕਾਮਰੇਡ ਬਖਤਪੁਰਾ ਨੇ ਦੱਸਿਆ ਕਿ ਸੈਂਕੜੇ ਭੱਠਾ ਮਜ਼ਦੂਰ 12 ਫਰਵਰੀ ਨੂੰ ਮਜ਼ਦੂਰ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਭਾਰਤ ਪੱਧਰ ਦੀ ਹੜਤਾਲ ਵਿੱਚ ਸ਼ਾਮਿਲ ਹੋਣਗੇ। ਉਨ੍ਹਾਂ ਕਿਹਾ ਕਿ ਇਸ ਹੜਤਾਲ ਦੀ ਤਿਆਰੀ ਵਾਸਤੇ 7 ਜਨਵਰੀ ਤੋਂ ਪਿੰਡ ਪੱਧਰ ‘ਤੇ ਮਜ਼ਦੂਰਾਂ ਦੀਆਂ ਰੈਲੀਆਂ ਦੀ ਸ਼ੁਰੂਆਤ ਕੀਤੀ ਜਾਵੇਗੀ, ਤਾਂ ਜੋ ਭੱਠਾ ਮਜ਼ਦੂਰਾਂ ਦੀਆਂ ਵੱਧੀਆਂ ਉਜਰਤਾਂ ਲਾਗੂ ਕਰਵਾਉਣ ਲਈ ਦਬਾਅ ਬਣਾਇਆ ਜਾ ਸਕੇ।
ਮਨਰੇਗਾ ਕਾਨੂੰਨ ਵਿੱਚ ਸੋਧਾਂ ਨੂੰ ਗੰਭੀਰ ਹਮਲਾ ਕਰਾਰ ਦਿੰਦਿਆਂ ਬਖਤਪੁਰਾ ਨੇ ਕਿਹਾ ਕਿ ਨਵੇਂ ਨਿਯਮਾਂ ਤਹਿਤ 40 ਫੀਸਦੀ ਰਕਮ ਰਾਜਾਂ ਨੂੰ ਪਾਉਣੀ ਪਵੇਗੀ, ਜਿਸ ਨਾਲ ਪਹਿਲਾਂ ਤੋਂ ਕਰਜ਼ੇ ਵਿੱਚ ਡੂਬੀ ਪੰਜਾਬ ਸਰਕਾਰ (4 ਲੱਖ ਕਰੋੜ ਰੁਪਏ ਦਾ ਕਰਜ਼ਾ) ਇਸ ਸਕੀਮ ਨੂੰ ਜਾਰੀ ਰੱਖਣ ਦੇ ਯੋਗ ਨਹੀਂ ਰਹੇਗੀ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਮਤਾ ਪਾਸ ਕਰਨਾ ਕਾਫ਼ੀ ਨਹੀਂ, ਕਿਉਂਕਿ ਪਿਛਲੇ ਚਾਰ ਸਾਲਾਂ ਵਿੱਚ ਪੰਜਾਬ ਦੇ 10 ਫੀਸਦੀ ਮਜ਼ਦੂਰਾਂ ਨੂੰ ਵੀ ਮਨਰੇਗਾ ਤਹਿਤ ਰੁਜ਼ਗਾਰ ਮੁਹੱਈਆ ਨਹੀਂ ਕਰਵਾਇਆ ਗਿਆ। ਉਨ੍ਹਾਂ ਮਾਨ ਸਰਕਾਰ ਤੋਂ ਮਨਰੇਗਾ ਰੁਜ਼ਗਾਰ ਬਾਰੇ ਵਾਈਟ ਪੇਪਰ ਜਾਰੀ ਕਰਨ ਦੀ ਮੰਗ ਕੀਤੀ।
ਇਸ ਮੀਟਿੰਗ ਵਿੱਚ ਪੰਜਾਬ ਦੀ ਕਾਨੂੰਨ-ਵਿਵਸਥਾ ‘ਤੇ ਵੀ ਗੰਭੀਰ ਚਰਚਾ ਹੋਈ। ਬਖਤਪੁਰਾ ਨੇ ਕਿਹਾ ਕਿ ਅੱਜ ਦੇ ਅਖਬਾਰਾਂ ਵਿੱਚ ਅੱਧੀ ਦਰਜਨ ਕਤਲਾਂ ਅਤੇ ਗੈਂਗਸਟਰਾਂ ਵੱਲੋਂ ਫਿਰੋਤੀਆਂ ਦੀਆਂ ਖਬਰਾਂ ਸਾਬਤ ਕਰਦੀਆਂ ਹਨ ਕਿ ਸਰਕਾਰ ਜਨਤਾ ਦੀ ਸੁਰੱਖਿਆ ਕਰਨ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਪੁਲੀਸ ‘ਤੇ ਭਰੋਸਾ ਘਟਣ ਕਾਰਨ ਜਾਨ ਬਚਾਉਣ ਲਈ ਸਿੱਧਾ ਗੈਂਗਸਟਰਾਂ ਤੱਕ ਸੰਪਰਕ ਕਰਨ ‘ਤੇ ਮਜਬੂਰ ਹੋ ਰਹੇ ਹਨ, ਜੋ ਬਹੁਤ ਚਿੰਤਾਜਨਕ ਹੈ।

ਮੀਟਿੰਗ ਵਿੱਚ ਜੋਗਿੰਦਰ ਪਾਲ ਲੇਹਲ, ਬਿੱਟਾ ਅਠਵਾਲ, ਹਰਜਿੰਦਰ ਪਿੰਟਾ, ਫੂਲ ਚੰਦ, ਬੰਟੀ ਪਿੰਡਾ ਰੋੜੀ, ਕੁਲਦੀਪ ਰਾਜੂ, ਬਚਨ ਬੋਪਾਰਾਏ ਅਤੇ ਬਸੀਰ ਗਿੱਲ ਸਮੇਤ ਕਈ ਹੋਰ ਨੇਤਾਵਾਂ ਨੇ ਹਿੱਸਾ ਲਿਆ ਅਤੇ ਸੰਘਰਸ਼ ਨੂੰ ਤੇਜ਼ ਕਰਨ ਤੇ ਸਹਿਮਤੀ ਜਤਾਈ।










