ਇਤਿਹਾਸਕ ਪ੍ਰੋਜੈਕਟ ਨਾਲ ਕਾਦੀਆਂ ਨੂੰ ਮਿਲੇਗੀ ਨਵੀਂ ਤਰੱਕੀ, ਵਪਾਰ ਅਤੇ ਯਾਤਰਾ ਸਹੂਲਤਾਂ ਮਜ਼ਬੂਤ ਹੋਣ ਦੀ ਉਮੀਦ
ਜਤਿੰਦਰ ਬੈਂਸ, ਮੁੱਖ ਸੰਪਾਦਕ (ਰੋਜ਼ਾਨਾ ਖ਼ਬਰ)
ਗੁਰਦਾਸਪੁਰ, 8 ਦਸੰਬਰ
ਇਕ ਸਦੀ ਤੋਂ ਵੱਧ ਸਮੇਂ ਤੋਂ ਲੰਬਿਤ ਪਏ ਕਾਦੀਆਂ-ਬਿਆਸ ਰੇਲਵੇ ਟਰੈਕ ਪ੍ਰੋਜੈਕਟ ਨੂੰ ਮੁੜ ਸੁਰਜੀਤ ਕਰਨ ਲਈ ਰੇਲਵੇ ਮੰਤਰਾਲੇ ਦੇ ਫ਼ੈਸਲੇ ਦਾ ਸਰਬ ਹਿੰਦ ਫੌਜੀ ਭਾਈਚਾਰੇ ਦੇ ਸੂਬਾ ਪ੍ਰਧਾਨ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਤਹਿ ਦਿਲੋਂ ਸਵਾਗਤ ਕੀਤਾ ਹੈ। ਉਨ੍ਹਾਂ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਖਾਸ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਪ੍ਰੋਜੈਕਟ ਕਾਦੀਆਂ ਅਤੇ ਆਲੇ-ਦੁਆਲੇ ਦੇ ਖੇਤਰ ਲਈ ਖੁਸ਼ਹਾਲੀ ਦੀ ਨਵੀਂ ਕਿਰਨ ਬਣੇਗਾ।
ਬ੍ਰਿਗੇਡੀਅਰ ਕਾਹਲੋਂ ਨੇ ਦੱਸਿਆ ਕਿ ਅਹਿਮਦੀਆਂ ਦੇ ਇਤਿਹਾਸਕ ਸਥਾਨ ਤੇ ਹੈਡਕੁਆਟਰ ਹੋਣ ਕਾਰਨ ਕਾਦੀਆਂ ਦਾ ਧਾਰਮਿਕ, ਸਮਾਜਿਕ ਅਤੇ ਵਪਾਰਕ ਮਹੱਤਵ ਕਾਫੀ ਵੱਧ ਚੁੱਕਾ ਹੈ। ਇਸ ਰੇਲ ਪ੍ਰੋਜੈਕਟ ਨਾਲ ਯਾਤਰੀਆਂ, ਵਪਾਰੀਆਂ ਅਤੇ ਸਥਾਨਕ ਲੋਕਾਂ ਨੂੰ ਸਿੱਧਾ ਲਾਭ ਹੋਵੇਗਾ ਅਤੇ ਬਹੁਪੱਖੀ ਵਿਕਾਸ ਦੀਆਂ ਨਵੀਆਂ ਰਾਹਾਂ ਖੁੱਲਣਗੀਆਂ।
ਉਨ੍ਹਾਂ ਨੇ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਦੇਸ਼ ਦੀ ਵੰਡ ਦੌਰਾਨ ਉਜੜੇ ਆਪਣੇ ਨਾਰੋਵਾਲ ਪਿੰਡ ਦੇ ਵਸਨੀਕਾਂ ਨੂੰ ਕਾਦੀਆਂ ਨੇੜਲੇ ਭੈਣੀ ਬਾਂਗਰ ਵਿੱਚ ਮੁੜ ਵਸਾਇਆ ਗਿਆ ਸੀ, ਜਿਸ ਨੂੰ ਬਾਅਦ ਵਿੱਚ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਵੱਲੋਂ ‘ਫੌਜੀ ਪਿੰਡ’ ਐਲਾਨਿਆ ਗਿਆ। ਇੱਥੋਂ ਦੇ ਬਹੁਤ ਸਾਰੇ ਵਸਨੀਕ ਦੇਸ਼ ਦੀ ਸਰਹੱਦ ਦੀ ਰੱਖਿਆ ਕਰਨ ਵਾਲੇ ਸੂਰਮੇ ਹਨ।
ਬ੍ਰਿਗੇਡੀਅਰ ਕਾਹਲੋਂ ਨੇ ਰੋਜ਼ਾਨਾ ਖ਼ਬਰ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਬ੍ਰਿਟਿਸ਼ ਸਰਕਾਰ ਵੱਲੋਂ 1929 ਵਿੱਚ ਹੀ ਕਾਦੀਆਂ-ਬਿਆਸ ਰੇਲਵੇ ਲਾਈਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ, ਪਰ ਇਹ ਕਦੇ ਹਕੀਕਤ ਦਾ ਰੂਪ ਨਹੀਂ ਲੈ ਸਕੀ। “ਮੈਨੂੰ ਅੱਜ ਵੀ ਯਾਦ ਹੈ ਕਿ 1950 ਦੇ ਦਹਾਕੇ ਵਿੱਚ ਸਟੇਸ਼ਨ ਤੋਂ ਅੱਗੇ ਲੱਗਿਆ ਰੇਲ ਟਰੈਕ ਖਦੇੜਿਆ ਜਾ ਰਿਹਾ ਸੀ, ਜਿਸ ਦਾ ਕਾਰਨ ਜਾਣਨ ਲਈ ਅਸੀਂ ਸਟੇਸ਼ਨ ਮਾਸਟਰ ਪਾਸ ਗਏ ਸੀ,” ਉਨ੍ਹਾਂ ਕਿਹਾ। ਉਸ ਵੇਲੇ ਇਹ ਵੀ ਦੱਸਿਆ ਗਿਆ ਕਿ ਹਿੰਦੁਸਤਾਨ ਸਰਕਾਰ ਨੇ ਬਰਤਾਨਵੀ ਸਕੀਮ ਨੂੰ ਰੋਕ ਦਿੱਤਾ ਹੈ।
ਬ੍ਰਿਗੇਡੀਅਰ ਕਾਹਲੋਂ ਨੇ ਦਿਲੀ ਦੁਖ ਨਾਲ ਕਿਹਾ ਕਿ ਹੁਣ ਕਾਦੀਆਂ ਸਟੇਸ਼ਨ ਸੁੰਨਮ ਸੁੰਨ ਪਿਆ ਹੈ ਅਤੇ ਸਿਰਫ ਇੱਕ ਹੀ ਟ੍ਰੇਨ ਰੋਜ਼ ਆਉਂਦੀ ਹੈ, ਜੋ ਵਾਪਸੀ ’ਚ ਅਕਸਰ ਯਾਤਰੀਆਂ ਦੀ ਉਡੀਕ ਕਰਦੀ ਰਹਿੰਦੀ ਹੈ।
ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨੂੰ ਅੱਗੇ ਵਧਾਉਣ ਲਈ ਕਾਦੀਆਂ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਬਤੌਰ ਐਮਪੀ 2017 ਵਿੱਚ ਤਦਕਾਲੀ ਰੇਲ ਮੰਤਰੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਮੰਗ ਵੀ ਰੱਖੀ ਸੀ, ਪਰ ਸਫਲਤਾ ਨਹੀਂ ਮਿਲੀ।
ਹੁਣ, ਜਦੋਂ ਰੇਲ ਮੰਤਰਾਲਾ ਮਾਝਾ ਖੇਤਰ ਵਿੱਚ ਰੇਲ ਮੰਡਲ ਦੇ ਵਿਕਾਸ ’ਤੇ ਧਿਆਨ ਦੇ ਰਿਹਾ ਹੈ, ਉਨ੍ਹਾਂ ਦੀ ਉਮੀਦ ਹੈ ਕਿ ਕਾਦੀਆਂ-ਬਿਆਸ ਰੇਲਵੇ ਲਿੰਕ ਦਾ ਸੁਪਨਾ ਜਲਦੀ ਸਿਰੇ ਚੜ੍ਹੇਗਾ। ਬ੍ਰਿਗੇਡੀਅਰ ਕਾਹਲੋਂ ਨੇ ਅਪੀਲ ਕੀਤੀ ਕਿ ਇਸ ਪ੍ਰੋਜੈਕਟ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕਰਵਾਇਆ ਜਾਵੇ ਤਾਂ ਜੋ ਖੇਤਰ ਦੀਆਂ ਲੰਬੇ ਸਮੇਂ ਤੋਂ ਬਕਾਇਆ ਉਮੀਦਾਂ ਨੂੰ ਖੰਭ ਲੱਗ ਸਕਣ।

ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ










