ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 8 ਦਸੰਬਰ
ਅੱਜ ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਬਣੇ ਸਾਂਝੇ ਮੋਰਚੇ ਦੇ ਸੱਦੇ ’ਤੇ ਜ਼ਿਲ੍ਹਾ ਗੁਰਦਾਸਪੁਰ ਦੇ ਗੁਰੂ ਨਾਨਕ ਪਾਰਕ ਵਿੱਚ ਵੱਡੀ ਗਿਣਤੀ ਵਿੱਚ ਉਸਾਰੀ ਵਰਕਰ ਅਤੇ ਮਜ਼ਦੂਰ ਜਥੇਬੰਦੀਆਂ ਦੇ ਆਗੂ ਇਕੱਤਰ ਹੋਏ। ਉਥੋਂ ਸਾਰੇ ਆਗੂਆਂ ਅਤੇ ਮਜ਼ਦੂਰਾਂ ਨੇ ਰੋਸ-ਮਾਰਚ ਕਰਦੇ ਹੋਏ ਡੀ.ਸੀ. ਦਫ਼ਤਰ ਤੱਕ ਕੂਚ ਕੀਤਾ ਅਤੇ ਜਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਰੈਲੀ ਨੂੰ ਸੰਬੋਧਨ ਕਰਦਿਆਂ ਇਫਟੂ ਦੇ ਜੋਗਿੰਦਰ ਪਾਲ ਪਨਿਆੜ, ਸੁਖਦੇਵ ਰਾਜ ਬਹਿਰਾਮਪੁਰ, ਜੋਗਿੰਦਰ ਪਾਲ ਘੁਰਾਲਾ, ਸੀ.ਟੀ.ਯੂ ਦੇ ਧਿਆਨ ਸਿੰਘ ਠਾਕੁਰ, ਸ਼ਿਵ ਕੁਮਾਰ, ਜਸਵੰਤ ਸਿੰਘ ਬੁੱਟਰ, ਏਕਟੁ ਦੇ ਵਿਜੇ ਕੁਮਾਰ ਸੋਹਲ, ਪ੍ਰੇਮ ਮਸੀਹ ਸੋਨਾ, ਗੁਲਜ਼ਾਰ ਸਿੰਘ ਭੁੰਬਲੀ, ਏਟਕ ਦੇ ਸੁਭਾਸ਼ ਕੈਰੇ, ਬਲਵਿੰਦਰ ਸਿੰਘ ਉਦੀਪੁਰ ਅਤੇ ਬਲਬੀਰ ਸਿੰਘ ਮੱਲੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਕਿਰਤ ਵਿਭਾਗ ਵੱਲੋਂ ਗੁਰਦਾਸਪੁਰ ਦੇ ਏ.ਐਲ.ਸੀ. ਦਫ਼ਤਰ ਨੂੰ ਬਗ਼ੈਰ ਕਿਸੇ ਠੋਸ ਕਾਰਨ ਬਟਾਲਾ ਤਬਦੀਲ ਕਰਨਾ ਮਜ਼ਦੂਰ ਵਿਰੋਧੀ ਕਦਮ ਹੈ।

ਉਹਨਾਂ ਕਿਹਾ ਕਿ ਗੁਰਦਾਸਪੁਰ ਜ਼ਿਲ੍ਹਾ ਹੈੱਡਕੁਆਰਟਰ, ਮਿਨੀ ਸੈਕਟਰੀਏਟ ਅਤੇ ਸਾਰੇ ਮਹੱਤਵਪੂਰਨ ਸਰਕਾਰੀ ਦਫ਼ਤਰ ਇਥੇ ਹੀ ਸਥਾਪਤ ਹਨ। ਇਸ ਦੇ ਬਾਵਜੂਦ ਏ.ਐਲ.ਸੀ. ਦਫਤਰ ਨੂੰ ਬਾਹਰ ਲਿਜਾਣ ਨਾਲ ਮਜ਼ਦੂਰਾਂ ਨੂੰ ਆਪਣੀਆਂ ਸ਼ਿਕਾਇਤਾਂ ਅਤੇ ਕੇਸਾਂ ਸਬੰਧੀ ਬਟਾਲਾ ਜਾਣਾ ਪਵੇਗਾ, ਜੋ ਸਮੇਂ ਤੇ ਪੈਸੇ ਦੋਵਾਂ ਦੀ ਬਰਬਾਦੀ ਹੈ। ਉਹਨਾਂ ਇਹ ਵੀ ਦੱਸਿਆ ਕਿ ਬਟਾਲਾ ਵਿੱਚ ਪਹਿਲਾਂ ਹੀ ਇੱਕ ਦਫ਼ਤਰ ਮੌਜੂਦ ਹੈ, ਇਸ ਲਈ ਗੁਰਦਾਸਪੁਰ ਵਾਲੀ ਅਸਾਮੀ ਨੂੰ ਖਤਮ ਕਰਨਾ ਨਾਇਨਸਾਫ਼ੀ ਹੈ।

ਆਗੂਆਂ ਨੇ ਨਵੇਂ ਕਿਰਤ ਕਾਨੂੰਨਾਂ ਦੇ ਸਖ਼ਤ ਵਿਰੋਧ ਦਾ ਐਲਾਨ ਕੀਤਾ ਅਤੇ ਕੇਂਦਰ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਦੀ ਨਿੰਦਾ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜਦ ਤੱਕ ਗੁਰਦਾਸਪੁਰ ਵਿੱਚ ਏ.ਐਲ.ਸੀ. ਦਫਤਰ ਮੁੜ ਬਹਾਲ ਨਹੀਂ ਹੁੰਦਾ, ਸੰਘਰਸ਼ ਲਗਾਤਾਰ ਜਾਰੀ ਰਹੇਗਾ।

ਪ੍ਰਸ਼ਾਸਨਕ ਪੱਧਰ ’ਤੇ ਗੱਲਬਾਤ ਤੋਂ ਬਾਅਦ ਜੀ.ਏ. ਟੂ ਡੀ.ਸੀ. ਸ੍ਰੀ ਰਾਜਨ ਗੁਪਤਾ ਨੇ ਮੋਰਚੇ ਦੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਸਮਤੀ ਚੋਣਾਂ ਦੀ ਗਿਣਤੀ ਮੁਕੰਮਲ ਹੋਣ ਤੋਂ ਬਾਅਦ ਡੀ.ਸੀ. ਵੱਲੋਂ ਮੀਟਿੰਗ ਕਰਵਾ ਕੇ ਮਾਮਲੇ ਦਾ ਹੱਲ ਕੀਤਾ ਜਾਵੇਗਾ। ਇਸ ਭਰੋਸੇ ਉਪਰੰਤ ਧਰਨਾ ਸ਼ਾਂਤੀਪੂਰਨ ਢੰਗ ਨਾਲ ਸਮਾਪਤ ਕਰ ਦਿੱਤਾ ਗਿਆ।










