Share & like

ਕੇਂਦਰ ਸਰਕਾਰ ਦੀਆਂ ਕਾਰਪੋਰੇਟ ਪਰਸਤ ਨੀਤੀਆਂ ਦੇ ਵਿਰੋਧ ‘ਚ ਪਰਚੰਡ ਆਰੋਪ, ਬਿੱਲਾਂ ਦੀਆਂ ਕਾਪੀਆਂ ਸਾੜੀਆਂ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਦੀਨਾਨਗਰ/ਬਹਿਰਾਮਪੁਰ, 8 ਦਸੰਬਰ
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕਿਰਤੀ ਕਿਸਾਨ ਯੂਨੀਅਨ, ਮਾਝਾ ਕਿਸਾਨ ਸੰਘਰਸ਼ ਕਮੇਟੀ, ਬਿਜਲੀ ਬੋਰਡ ਦੀਆਂ ਮੁਲਾਜ਼ਮ ਜਥੇਬੰਦੀਆਂ ਤੇ ਹੋਰ ਭਾਈਚਾਰਕ ਸੰਗਠਨਾਂ ਵੱਲੋਂ ਅੱਜ ਪੀ.ਐਸ.ਪੀ.ਸੀ.ਐਲ ਸਬ-ਡਿਵੀਜ਼ਨ ਬਹਿਰਾਮਪੁਰ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਹ ਧਰਨਾ ਕੇਂਦਰ ਸਰਕਾਰ ਵੱਲੋਂ ਸੰਸਦ ਵਿੱਚ ਪੇਸ਼ ਕੀਤੇ ਜਾਣ ਵਾਲੇ ਬਿਜਲੀ ਸੋਧ ਬਿੱਲ 2025 ਅਤੇ ਬੀਜ ਸੋਧ ਬਿੱਲ 2025 ਦਾ ਵਿਰੋਧ ਕਰਨ ਲਈ ਆਯੋਜਿਤ ਕੀਤਾ ਗਿਆ।
ਧਰਨੇ ਦੀ ਸ਼ੁਰੂਆਤ ਕਿਸਾਨ ਆਗੂ ਅਜੀਤ ਸਿੰਘ ਮੱਲੀਆਂ, ਬਲਜਿੰਦਰ ਸਿੰਘ ਨੌਸ਼ਹਿਰਾ, ਬਲਬੀਰ ਸਿੰਘ ਬੈਂਸ ਅਤੇ ਮੁਲਾਜ਼ਮ ਆਗੂ ਰਮਨ ਕੁਮਾਰ ਦੀ ਪ੍ਰਧਾਨਗੀ ਹੇਠ ਕੀਤੀ ਗਈ। ਧਰਨਾ ਸਥਾਨ ‘ਤੇ ਖੂਬ ਨਾਅਰੇਬਾਜ਼ੀ ਕਰਦੇ ਹੋਏ ਕਿੱਸਾਨਾਂ ਤੇ ਮੁਲਾਜ਼ਮਾਂ ਨੇ ਕੇਂਦਰ ਸਰਕਾਰ ਨੂੰ ਜਨ-ਵਿਰੋਧੀ ਕਰਾਰ ਦਿੱਤਾ।
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸਤਬੀਰ ਸਿੰਘ ਸੁਲਤਾਨੀ ਅਤੇ ਟੀ.ਐਸ.ਯੂ. ਦੇ ਸਰਕਲ ਪ੍ਰਧਾਨ ਸੰਜੀਵ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਕਾਰਾਂ ਪਹਿਲਾਂ ਹੀ ਜਨਤਕ ਸਰਕਾਰੀ ਤੇ ਸਹਿਕਾਰੀ ਸਹੂਲਤਾਂ ਨੂੰ ਇੱਕ ਇੱਕ ਕਰਕੇ ਕਾਰਪੋਰੇਟ ਘਰਾਣਿਆਂ ਦੇ ਹੱਥ ਵੇਚ ਚੁੱਕੀਆਂ ਹਨ। ਹੁਣ ਬਿਜਲੀ ਬੋਰਡ, ਜੋ ਲੋਕਾਂ ਦੀ ਬੁਨਿਆਦੀ ਲੋੜ ਰੋਸ਼ਨੀ ਪੂਰੀ ਕਰਦਾ ਹੈ, ਉਸਦੀ ਵੀ ਨਿੱਜੀਕਰਨ ਲਈ ਤਿਆਰੀ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਜੇ ਕਾਰਪੋਰੇਟ ਘਰਾਣਿਆਂ ਦੀ ਬਿਜਲੀ ਖੇਤਰ ‘ਤੇ ਮਲਕੀਅਤ ਹੋ ਗਈ, ਤਾਂ ਪ੍ਰੀ-ਪੇਡ ਸਕੀਮ ਦੇ ਨਾਂ ‘ਤੇ ਕਿਸਾਨਾਂ ਨੂੰ ਖੇਤੀ ਮੋਟਰਾਂ ਤੇ ਮਿਲਦੀ ਮੁਫ਼ਤ ਬਿਜਲੀ ਅਤੇ ਗਰੀਬ ਪਰਿਵਾਰਾਂ ਨੂੰ ਮਿਲਦੇ 300 ਯੂਨਿਟ ਮੁਫ਼ਤ ਫ਼ਾਇਦੇ ਖਤਮ ਕਰ ਦਿੱਤੇ ਜਾਣਗੇ। ਇਸਦੇ ਨਾਲ ਹੀ ਕਰਾਸ ਸਬਸਿਡੀ ਖ਼ਤਮ ਹੋਣ ਨਾਲ ਬਿਜਲੀ ਦਰਾਂ ਵਿੱਚ ਭਾਰੀ ਵਾਧਾ ਹੋਵੇਗਾ, ਜੋ ਸਿੱਧਾ ਮੱਧਵਰਗ ਅਤੇ ਗਰੀਬ ਵਰਗ ਦੀ ਜੇਬ ‘ਤੇ ਵੱਜੇਗਾ।
ਆਗੂਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕੇਂਦਰ ਵੱਲੋਂ ਭੇਜੇ ਗਏ ਇਹ ਬਿੱਲਾਂ ਦੇ ਖਰੜੇ ਨੂੰ ਤੁਰੰਤ ਰੱਦ ਕਰਨਾ ਲਾਜ਼ਮੀ ਹੈ। ਇਸ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਇਹਨਾਂ ਬਿੱਲਾਂ ਨੂੰ ਰੱਦ ਕਰਨ ਦਾ ਮਤਾ ਪਾਸ ਕੀਤਾ ਜਾਵੇ।
ਧਰਨਾ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਕਿਸਾਨ ਆਗੂ ਤਰਲੋਕ ਸਿੰਘ ਬਹਿਰਾਮਪੁਰ, ਬਲਬੀਰ ਸਿੰਘ ਬੈਂਸ, ਬਲਜਿੰਦਰ ਸਿੰਘ ਨੌਸ਼ਹਿਰਾ, ਮੁਲਾਜ਼ਮ ਆਗੂ ਬਲਵਿੰਦਰ ਸਿੰਘ ਉਦੀਪੁਰ, ਸੰਜੀਵ ਸੈਣੀ, ਰਮਨ ਕੁਮਾਰ, ਪੇਂਡੂ ਮਜ਼ਦੂਰ ਯੂਨੀਅਨ ਤੋਂ ਰਾਜ ਕੁਮਾਰ ਪੰਡੋਰੀ ਅਤੇ ਪੀ.ਐਸ.ਪੀ.ਸੀ.ਐਲ ਜੂਨੀਅਰ ਇੰਜੀਨੀਅਰ ਐਸੋਸੀਏਸ਼ਨ ਦੇ ਸੂਬਾਈ ਆਗੂ ਰਜਤ ਸ਼ਰਮਾ ਨੇ ਵੀ ਭਾਸ਼ਣ ਕੀਤੇ ਤੇ ਬਿੱਲਾਂ ਦੇ ਖ਼ਿਲਾਫ਼ ਆਪਣੇ ਤਿੱਖੇ ਸੁਰ ਉਚਾਰੇ।

ਧਰਨੇ ਦੀ ਸਮਾਪਤੀ ‘ਤੇ ਬਹਿਰਾਮਪੁਰ/ਦੀਨਾਨਗਰ ਸੜਕ ‘ਤੇ ਬਿਜਲੀ ਸੋਧ ਬਿੱਲ 2025 ਅਤੇ ਬੀਜ ਸੋਧ ਬਿੱਲ ਦੀਆਂ ਕਾਪੀਆਂ ਸਾੜ ਕੇ ਵਿਰੋਧ ਦਰਜ ਕਰਵਾਇਆ ਗਿਆ।


Share & like

Leave a Reply