Share & like

ਏਐਲਸੀ ਦਫ਼ਤਰ ਨੂੰ ਗੁਰਦਾਸਪੁਰ ਤੋਂ ਬਟਾਲਾ ਤਬਦੀਲ ਕਰਨ ਦੇ ਫ਼ੈਸਲੇ ਦਾ ਵਿਰੋਧ, ਮਜ਼ਦੂਰਾਂ ਨੂੰ ਦਿੱਤਾ ਵੱਡਾ ਸੱਦਾ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 3 ਦਸੰਬਰ
ਸਥਾਨਕ ਲੇਬਰ ਚੌਂਕ ਵਿਖੇ ਇਫਟੂ ਵੱਲੋਂ ਇੱਕ ਹੰਗਾਮੀ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਦੀ ਅਗਵਾਈ ਸੁਰਿੰਦਰ ਪਾਲ ਅਤੇ ਰਮੇਸ਼ ਕੁਮਾਰ ਨੇ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਇਫਟੂ ਆਗੂ ਜੋਗਿੰਦਰ ਪਾਲ ਘੁਰਾਲਾ ਅਤੇ ਸੁਖਦੇਵ ਰਾਜ ਬਹਿਰਾਮਪੁਰ ਨੇ ਕਿਰਤ ਵਿਭਾਗ ਵੱਲੋਂ ਗੁਰਦਾਸਪੁਰ ਦੇ ਏਐਲਸੀ ਦਫਤਰ ਨੂੰ ਬਟਾਲਾ ਤਬਦੀਲ ਕਰਨ ਦੇ ਫ਼ੈਸਲੇ ਨੂੰ ਤਿੱਖਾ ਵਿਰੋਧ ਦਿੱਤਾ।
ਆਗੂਆਂ ਨੇ ਕਿਹਾ ਕਿ ਗੁਰਦਾਸਪੁਰ ਜ਼ਿਲਾ ਹੈਡਕੁਆਰਟਰ ਹੋਣ ਦੇ ਬਾਵਜੂਦ ਅਤੇ ਮਿਨੀ ਸੈਕਟਰੀਏਟ ਸਮੇਤ ਸਾਰੇ ਮਹੱਤਵਪੂਰਨ ਦਫਤਰ ਇੱਥੇ ਹੋਣ ਦੇ ਬਾਵਜੂਦ, ਏਐਲਸੀ ਦਫਤਰ ਨੂੰ ਬਿਨਾਂ ਕਿਸੇ ਠੋਸ ਕਾਰਨ ਦੇ ਬਟਾਲਾ ਭੇਜਣਾ ਮਜ਼ਦੂਰ ਵਰਗ ਨਾਲ ਨਿਆਂ ਨਹੀਂ। ਉਹਨਾਂ ਕਿਹਾ ਕਿ ਇਸ ਫੈਸਲੇ ਨਾਲ ਮਜ਼ਦੂਰਾਂ ਨੂੰ ਆਪਣੇ ਕੇਸਾਂ ਲਈ ਬਟਾਲਾ ਜਾਣ ਦੀ ਮਜ਼ਬੂਰੀ ਬਣੇਗੀ, ਜੋ ਉਨ੍ਹਾਂ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਹੈ।
ਇਫਟੂ ਆਗੂਆਂ ਨੇ ਦਰਸਾਇਆ ਕਿ ਬਟਾਲਾ ਵਿੱਚ ਪਹਿਲਾਂ ਹੀ ਇੱਕ ਏਐਲਸੀ ਦਫਤਰ ਮੌਜੂਦ ਹੈ, ਇਸ ਕਰਕੇ ਗੁਰਦਾਸਪੁਰ ਵਾਲੇ ਦਫਤਰ ਦੀ ਅਸਾਮੀ ਨੂੰ ਖਤਮ ਕਰਨਾ ਮਜ਼ਦੂਰ ਵਿਰੋਧੀ ਕਦਮ ਹੈ। ਆਗੂਆਂ ਨੇ ਸਪੱਸ਼ਟ ਕੀਤਾ ਕਿ ਉਹ ਕਿਸੇ ਵੀ ਕੀਮਤ ‘ਤੇ ਇਸ ਦਫਤਰ ਨੂੰ ਬਟਾਲਾ ਤਬਦੀਲ ਨਹੀਂ ਹੋਣ ਦੇਣਗੇ।
ਇਸ ਮੁੱਦੇ ਨੂੰ ਲੈ ਕੇ ਸਾਰੀਆਂ ਟਰੇਡ ਯੂਨੀਅਨ ਵੱਲੋਂ ਸਾਂਝਾ ਫਰੰਟ ਬਣਾਇਆ ਗਿਆ ਹੈ ਅਤੇ 8 ਦਸੰਬਰ ਨੂੰ ਡੀਸੀ ਦਫਤਰ ਗੁਰਦਾਸਪੁਰ ਵਿਖੇ ਵੱਡਾ ਰੋਸ ਪ੍ਰਦਰਸ਼ਨ ਤੇ ਧਰਨਾ ਲਗਾਇਆ ਜਾਵੇਗਾ। ਮੀਟਿੰਗ ਦੌਰਾਨ ਮਜ਼ਦੂਰ ਵਰਗ ਨੂੰ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦੀ ਅਪੀਲ ਵੀ ਕੀਤੀ ਗਈ।

ਇਸ ਮੌਕੇ ਹਰਜੀਤ ਸਿੰਘ, ਅਜੀਤ ਪਾਲ, ਕੁਲਵੰਤ ਰਾਜ, ਪਰਮਜੀਤ ਸਿੰਘ, ਵਿੱਕੀ ਮਸੀਹ, ਜੈਮਸ ਮਸੀਹ, ਪ੍ਰੇਮ ਚੰਦ, ਜੰਗ ਬਹਾਦਰ, ਕ੍ਰਿਸ਼ਨ ਕੁਮਾਰ, ਸੁਰਿੰਦਰ ਸਿੰਘ, ਬੋਧਰਾਜ, ਰੋਬਨ ਮਸੀਹ ਅਤੇ ਪੀਟਰ ਜੋਨ ਸਮੇਤ ਕਈ ਮੌਜੂਦ ਰਹੇ।


Share & like

Leave a Reply