ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 3 ਦਸੰਬਰ
ਗੁਰਦਾਸਪੁਰ ਦੇ ਨਵ ਨਿਯੁਕਤ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਗੁਰਸਿਮਰਨ ਸਿੰਘ ਢਿੱਲੋਂ ਨੇ ਸਪਸ਼ਟ ਕੀਤਾ ਹੈ ਕਿ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਤੇਜ਼ੀ ਨਾਲ ਨਿਪਟਾਰਾ ਕਰਨਾ ਉਨ੍ਹਾਂ ਦੀ ਸਿਰਮੌਰ ਤਰਜੀਹ ਰਹੇਗੀ। 2016 ਬੈਚ ਦੇ ਪੀ.ਸੀ.ਐੱਸ. ਅਫ਼ਸਰ ਗੁਰਸਿਮਰਨ ਸਿੰਘ ਢਿੱਲੋਂ ਇਸ ਤੋਂ ਪਹਿਲਾਂ ਐੱਸ.ਡੀ.ਐੱਮ ਅਮ੍ਰਿਤਸਰ ਵਜੋਂ ਤਾਇਨਾਤ ਸਨ ਅਤੇ ਡੇਰਾ ਬਾਬਾ ਨਾਨਕ, ਕਲਾਨੌਰ ਤੇ ਪਠਾਨਕੋਟ ਵਿੱਚ ਵੀ ਐੱਸ.ਡੀ.ਐੱਮ ਗੁਰਦਾਸਪੁਰ ਦੇ ਤੌਰ ’ਤੇ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਚੁੱਕੇ ਹਨ।
ਦੱਸਣਯੋਗ ਹੈ ਕਿ ਏ.ਡੀ.ਸੀ.(ਜ) ਗੁਰਦਾਸਪੁਰ ਦੇ ਚਾਰਜ ਦੇ ਨਾਲ ਉਨ੍ਹਾਂ ਨੂੰ ਨਗਰ ਨਿਗਮ ਬਟਾਲਾ ਦੇ ਕਮਿਸ਼ਨਰ ਦਾ ਵਾਧੂ ਚਾਰਜ ਵੀ ਸੌਂਪਿਆ ਗਿਆ ਹੈ।
ਨਵੀਂ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਗੁਰਸਿਮਰਨ ਸਿੰਘ ਢਿੱਲੋਂ ਨੇ ਕਿਹਾ ਕਿ ਸਰਕਾਰ ਦੀਆਂ ਲੋਕ-ਭਲਾਈ ਯੋਜਨਾਵਾਂ ਨੂੰ ਪੂਰੀ ਪਾਰਦਰਸ਼ਤਾ ਨਾਲ ਜਨਤਾ ਤੱਕ ਪਹੁੰਚਾਉਣ ਲਈ ਉਹ ਸੰਕਲਪਬੱਧ ਹਨ। ਉਨ੍ਹਾਂ ਦਾਅਵਾ ਕੀਤਾ ਕਿ ਸ਼ਿਕਾਇਤਾਂ ਦੇ ਸਮਾਂਬੱਧ ਨਿਪਟਾਰੇ, ਪ੍ਰਭਾਵਸ਼ਾਲੀ ਪ੍ਰਸ਼ਾਸਨ ਅਤੇ ਪਾਰਦਰਸ਼ੀ ਕੰਮਕਾਜ ਨੂੰ ਮਜ਼ਬੂਤ ਕਰਨਾ ਉਨ੍ਹਾਂ ਦੇ ਮੁੱਖ ਲੱਖਿਆਂ ਵਿੱਚ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨਕ ਪ੍ਰਣਾਲੀ ਨੂੰ ਹੋਰ ਧੁਰੰਦਰ ਬਣਾਉਣ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਲੋਕਾਂ ਨੂੰ ਸਰਕਾਰੀ ਸੁਵਿਧਾਵਾਂ ਦਾ ਪੂਰਾ ਲਾਭ ਯਕੀਨੀ ਬਣਾਉਣ ਲਈ ਉਹ ਦ੍ਰਿੜ ਨਿਸ਼ਚੇ ਨਾਲ ਕੰਮ ਕਰਨਗੇ।











