ਅਮਰੀਕਾ ਅਧਾਰਤ ਅਮਨ ਪੰਨੂ ਅਤੇ ਆਈਐਸਆਈ ਸਮਰਥਿਤ ਗੈਂਗਸਟਰ ਸ਼ਹਿਜ਼ਾਦ ਭੱਟੀ ਅਤੇ ਜ਼ੀਸ਼ਾਨ ਅਖ਼ਤਰ ਵੱਲੋਂ ਰਚੀ ਗਈ ਸੀ ਥਾਣੇ ਤੇ ਗ੍ਰਨੇਡ ਹਮਲੇ ਦੀ ਸਾਜ਼ਿਸ਼: ਡੀਆਈਜੀ ਗੋਇਲ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 01 ਦਸੰਬਰ
ਗੁਰਦਾਸਪੁਰ ਪੁਲੀਸ ਨੇ ਕਾਊਂਟਰ ਇੰਟੈਲੀਜੈਂਸ (ਸੀਆਈ) ਵਿੰਗ ਨਾਲ ਸਾਂਝੇ ਆਪਰੇਸ਼ਨ ਦੌਰਾਨ ਥਾਣਾ ਸਿਟੀ ਦੇ ਬਾਹਰ ਗ੍ਰਨੇਡ ਹਮਲੇ ਨਾਲ ਸਬੰਧਤ ਮੁਲਜ਼ਮਾਂ ਨੂੰ ਮੁਠਭੇੜ ਬਾਅਦ ਇੱਕ ਪੀ-86 ਹੈਂਡ ਗ੍ਰਨੇਡ ਅਤੇ ਦੋ ਪਿਸਤੌਲਾਂ ਸਮੇਤ ਗ੍ਰਿਫਤਾਰ ਕੀਤਾ ਹੈ । ਦੋਵਾਂ ਨੂੰ ਜ਼ਖ਼ਮੀ ਹਾਲਤ ਵਿੱਚ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਮੁਲਾਜ਼ਮਾਂ ਦੀ ਪਛਾਣ ਪ੍ਰਦੀਪ ਕੁਮਾਰ ਵਾਸੀ ਹੁਸ਼ਿਆਰਪੁਰ , ਗੁਰਦਿੱਤ ਵਾਸੀ ਗੁਰਦਾਸਪੁਰ, ਨਵੀਨ ਚੌਧਰੀ ਅਤੇ ਕੁਸ਼ ਦੋਵੇਂ ਵਾਸੀ ਤਲਵਾੜਾ (ਹੁਸ਼ਿਆਰਪੁਰ) ਵਜੋਂ ਹੋਈ ਹੈ। ਬਰਾਮਦ ਪਿਸਤੌਲਾਂ ਵਿੱਚ ਇੱਕ ਜ਼ਿਗਾਨਾ ਅਤੇ ਇੱਕ .32 ਬੋਰ ਸਮੇਤ ਜ਼ਿੰਦਾ ਕਾਰਤੂਸ ਸ਼ਾਮਲ ਹਨ।
ਡੀਆਈਜੀ ਬਾਰਡਰ ਰੇਂਜ ਸੰਦੀਪ ਗੋਇਲ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਗੁਰਦਾਸਪੁਰ ਦੇ ਥਾਣਾ ਸਿਟੀ ’ਤੇ ਗ੍ਰਨੇਡ ਹਮਲੇ ਦੀ ਸਾਜ਼ਿਸ਼ ਪਾਕਿਸਤਾਨ ਦੀ ਆਈਐਸਆਈ ਸਮਰਥਿਤ ਗੈਂਗਸਟਰ ਸ਼ਹਿਜ਼ਾਦ ਭੱਟੀ ਅਤੇ ਉਸਦੇ ਸਾਥੀ ਜ਼ੀਸ਼ਾਨ ਅਖਤਰ ਨੇ ਅਮਰੀਕਾ ਦੇ ਹੈਂਡਲਰ ਅਮਨਦੀਪ ਸਿੰਘ ਉਰਫ਼ ਅਮਨ ਪੰਨੂ ਦੀ ਸਹਾਇਤਾ ਨਾਲ ਰਚੀ ਸੀ। ਅਮਨਦੀਪ ਸਿੰਘ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਅਤੇ ਡੌਂਕੀ ਰੂਟ ਰਾਹੀਂ ਅਮਰੀਕਾ ਗਿਆ ਸੀ।

ਉਨ੍ਹਾਂ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਸ਼ਹਿਜ਼ਾਦ ਭੱਟੀ ਅਤੇ ਜ਼ੀਸ਼ਾਨ ਅਖਤਰ ਦੇ ਇਸ਼ਾਰੇ ’ਤੇ ਅਮਨ ਪੰਨੂ ਸਰਹੱਦੀ ਸੂਬੇ ਵਿੱਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਲਈ ਕਾਰਕੁੰਨਾਂ ਦੀ ਭਰਤੀ ਵੀ ਕਰ ਰਿਹਾ ਸੀ।
ਜ਼ਿਕਰਯੋਗ ਹੈ ਕਿ 25 ਨਵੰਬਰ 2025 ਨੂੰ ਸ਼ਾਮ ਕਰੀਬ 7.30 ਵਜੇ ਗੁਰਦਾਸਪੁਰ ਸਿਟੀ ਥਾਣਾ ਬਾਹਰ ਗ੍ਰਨੇਡ ਧਮਾਕਾ ਹੋਇਆ ਸੀ। ਹਾਲਾਂਕਿ ਪੁਲੀਸ ਪਹਿਲਾਂ ਅਜਿਹੇ ਧਮਾਕੇ ਤੋਂ ਇਨਕਾਰ ਕਰਦੀ ਆ ਰਹੀ ਸੀ।
ਡੀਆਈਜੀ ਨੇ ਕਿਹਾ ਕਿ ਖੁਫ਼ੀਆ ਜਾਣਕਾਰੀ ’ਤੇ ਪੁਲੀਸ ਟੀਮਾਂ ਨੇ ਪ੍ਰਦੀਪ ਅਤੇ ਗੁਰਦਿੱਤ ਵਜੋਂ ਪਛਾਣੇ ਗਏ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਨੇ ਪੁਲੀਸ ਸਟੇਸ਼ਨ ’ਤੇ ਗ੍ਰਨੇਡ ਸੁੱਟਣ ਵਾਲੇ ਦੋਸ਼ੀਆਂ ਹਰਗੁਨ, ਵਿਕਾਸ ਅਤੇ ਮੋਹਨ ਨੂੰ ਵਿੱਤੀ ਅਤੇ ਲੌਜਿਸਟਿਕਸ ਸਹਾਇਤਾ ਦਿੱਤੀ ਸੀ ।

ਜ਼ਿਕਰਯੋਗ ਹੈ ਕਿ ਦਿੱਲੀ ਪੁਲੀਸ ਵੱਲੋਂ ਹਰਗੁਨ ਅਤੇ ਵਿਕਾਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁੱਛਗਿੱਛ ਦੌਰਾਨ ਮੁਲਜ਼ਮਾਂ ਪ੍ਰਦੀਪ ਅਤੇ ਗੁਰਦਿੱਤ ਨੇ ਨਵੀਨ ਚੌਧਰੀ ਅਤੇ ਕੁਸ਼ ਜਿਨ੍ਹਾਂ ਨੂੰ ਜ਼ੀਸ਼ਾਨ ਅਖਤਰ ਵੱਲੋਂ ਭੇਜੇ ਗਏ ਦੋ ਹੈਂਡ ਗ੍ਰਨੇਡ ਮਿਲੇ ਸਨ, ਦੀ ਭੂਮਿਕਾ ਬਾਰੇ ਖੁਲਾਸਾ ਕੀਤਾ। ਇਨ੍ਹਾਂ ਵਿੱਚੋਂ ਇੱਕ ਗ੍ਰਨੇਡ ਉਨ੍ਹਾਂ ਨੇ ਸ਼ਹਿਜ਼ਾਦ ਭੱਟੀ ਦੇ ਨਿਰਦੇਸ਼ਾਂ ’ਤੇ ਗੁਰਦਾਸਪੁਰ ਪੁਲੀਸ ਥਾਣੇ ’ਤੇ ਗ੍ਰਨੇਡ ਸੁੱਟਣ ਵਾਲੇ ਮਾਡਿਊਲ ਨੂੰ ਸੌਂਪ ਦਿੱਤਾ ਸੀ।
ਡੀਆਈਜੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਹ ਦੋਵੇਂ ਮੁਲਜ਼ਮ ਦਹਿਸ਼ਤ ਫੈਲਾਉਣ ਅਤੇ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਲਈ ਇੱਕ ਹੋਰ ਗ੍ਰਨੇਡ ਹਮਲੇ ਦੀ ਯੋਜਨਾ ਬਣਾ ਰਹੇ ਸਨ।
ਹੋਰ ਵੇਰਵੇ ਸਾਂਝੇ ਕਰਦਿਆਂ ਐਸਐਸਪੀ ਗੁਰਦਾਸਪੁਰ ਆਦਿੱਤਿਆ ਨੇ ਦੱਸਿਆ ਕਿ ਪੁਲੀਸ ਨੂੰ ਪਿੰਡ ਜਗਤਪੁਰ ਨੇੜੇ ਸ਼ੱਕੀ ਨਵੀਨ ਚੌਧਰੀ ਅਤੇ ਕੁਸ਼ ਦੀ ਮੌਜੂਦਗੀ ਦਾ ਪਤਾ ਲੱਗਿਆ ਸੀ। ਉਨ੍ਹਾਂ ਦੱਸਿਆ ਕਿ ਪਿੰਡ ਜਗਤਪੁਰ ਵਿਖੇ ਨਾਕਾਬੰਦੀ ’ਤੇ ਰੋਕੇ ਜਾਣ ’ਤੇ ਦੋਵਾਂ ਸ਼ੱਕੀਆਂ ਨੇ ਪੁਲੀਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਦੇ ਜਵਾਬ ਅਤੇ ਸਵੈ-ਰੱਖਿਆ ਵਿੱਚ ਪੁਲੀਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਨਵੀਨ ਅਤੇ ਕੁਸ਼ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਦੋਵੇਂ ਹੁਣ ਮੁਲਜ਼ਮਾਂ ਜ਼ੇਰੇ ਇਲਾਜ ਹਨ।
ਉਨ੍ਹਾਂ ਦੱਸਿਆ ਕਿ ਪੁਲੀਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਹੈਂਡ ਗ੍ਰਨੇਡ ਅਤੇ ਦੋ ਪਿਸਤੌਲ ਬਰਾਮਦ ਕੀਤੇ ਹਨ। ਘਟਨਾਕ੍ਰਮ ਤੋਂ ਬਾਅਦ ਸਬੰਧਤ ਥਾਂ ਨੂੰ ਸੀਲ ਕਰਕੇ ਇਸਨੂੰ ਸੈਨੇਟਾਈਜ਼ ਕਰਨ ਅਤੇ ਬੰਬ ਨੂੰ ਬੇਅਸਰ ਕਰਨ ਲਈ ਬੰਬ ਡਿਸਪੋਜ਼ਲ ਟੀਮ ਨੂੰ ਬੁਲਾਇਆ ਗਿਆ।

ਥਾਣਾ ਸਿਟੀ ਗੁਰਦਾਸਪੁਰ ਵਿਖੇ ਬੀਐਨਐਸ ਦੀ ਧਾਰਾ 109, 324(4) ਤੇ 111 ਅਤੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3, 4, ,5 ਅਤੇ ਥਾਣਾ ਪੁਰਾਣਾ ਸ਼ਾਲਾ ਵਿਖੇ ਬੀਐਨਐਸ ਦੀ ਧਾਰਾ 109 ਤੇ 111, ਅਸਲਾ ਐਕਟ ਦੀ ਧਾਰਾ 25 ਅਤੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3, 4 ਅਤੇ 5 ਤਹਿਤ ਮਾਮਲਾ ਦਰਜ ਕੀਤਾ ਹੈ।










