ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 19 ਨਵੰਬਰ
ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਆਪਣੀ ਸੂਬਾ ਕਮੇਟੀ ਮੈਂਬਰ ਐਡਵੋਕੇਟ ਅਮਨਦੀਪ ਕੌਰ ਨੂੰ ਅਗਿਆਤ ਨੰਬਰਾਂ ਤੋਂ ਮਿਲ ਰਹੀਆਂ ਗੰਭੀਰ ਧਮਕੀਆਂ ਦਾ ਸਖ਼ਤ ਨੋਟਿਸ ਲਿਆ ਹੈ। ਧਮਕੀਆਂ ਵਿੱਚ ਆਰਐਸਐਸ ਦੀ ਨਿੰਦਾ ਨਾ ਕਰਨ, ਗਾਲਾਂ ਕੱਢਣ, ਪਾਕਿਸਤਾਨ ਦਾ ਏਜੰਟ ਕਹਿਣ ਅਤੇ ਦੇਸ਼ ਛੱਡਣ ਦੀਆਂ ਦਬਕੀਆਂ ਸ਼ਾਮਲ ਹਨ। ਸਭਾ ਨੇ ਇਸ ਨੂੰ ਵਿਚਾਰ ਪ੍ਰਗਟਾਉਣ ਦੇ ਮੌਲਿਕ ਅਧਿਕਾਰ ਅਤੇ ਔਰਤਾਂ ਦੇ ਸਵੈਮਾਨ ਉੱਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ।
ਸਭਾ ਦੇ ਪ੍ਰਧਾਨ ਪ੍ਰੋ. ਜਗਮੋਹਨ ਸਿੰਘ, ਜਨਰਲ ਸਕੱਤਰ ਪ੍ਰਿਤਪਾਲ ਸਿੰਘ ਅਤੇ ਪ੍ਰੈਸ ਸਕੱਤਰ ਅਮਰਜੀਤ ਸ਼ਾਸਤਰੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਐਡਵੋਕੇਟ ਅਮਨਦੀਪ ਕੌਰ ਦੁਆਰਾ ਹਾਲ ਹੀ ਵਿੱਚ ਜਾਰੀ ਕੀਤੀਆਂ ਵੀਡੀਓਜ਼ ਜਿਨ੍ਹਾਂ ਵਿੱਚ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਗ ਕਰਨ ਬਾਰੇ ਨੋਟੀਫਿਕੇਸ਼ਨ, ਯੂਨੀਵਰਸਿਟੀ ਦਾ ਇਤਿਹਾਸ ਅਤੇ ਵਿਦਿਆਰਥੀ ਅੰਦੋਲਨਾਂ ਦੀ ਜਾਣਕਾਰੀ ਦਿੱਤੀ ਗਈ ਸੀ ਲੋਕਾਂ ਲਈ ਬਹੁਤ ਮਹੱਤਵਪੂਰਨ ਸਨ। ਇਹ ਜਾਣਕਾਰੀ ਕੇਂਦਰ ਦੀ ਭਾਜਪਾ ਸਰਕਾਰ ਨੂੰ ਨਾਪਸੰਦ ਸੀ, ਜਿਸ ਤੋਂ ਬਾਅਦ ਧਮਕੀਆਂ ਦਾ ਸਿਲਸਿਲਾ ਸ਼ੁਰੂ ਹੋਇਆ।
ਐਡਵੋਕੇਟ ਅਮਨਦੀਪ ਕੌਰ ਨੇ ਇਹ ਸਾਰਾ ਮਾਮਲਾ ਬਾਰ ਐਸੋਸੀਏਸ਼ਨ ਚੰਡੀਗੜ੍ਹ ਸਮੇਤ ਐਸਐਸਪੀ ਚੰਡੀਗੜ੍ਹ ਨੂੰ ਲਿਖਿਤ ਸ਼ਿਕਾਇਤ ਰਾਹੀਂ ਸੂਚਿਤ ਕੀਤਾ ਹੈ। ਪਰ ਚੰਡੀਗੜ੍ਹ ਪੁਲਿਸ ਵੱਲੋਂ ਅਜੇ ਤੱਕ ਕਿਸੇ ਅਗਿਆਤ ਕਾਲਰ ਵਿਰੁੱਧ ਕਾਰਵਾਈ ਨਹੀਂ ਕੀਤੀ ਗਈ, ਜੋ ਚਿੰਤਾ ਦਾ ਵਿਸ਼ਾ ਹੈ।
ਜਮਹੂਰੀ ਅਧਿਕਾਰ ਸਭਾ ਨੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਨਾਲ ਹੀ ਸਭਾ ਦੀ ਸੂਬਾ ਕਮੇਟੀ ਨੇ ਆਪਣੀਆਂ ਇਕਾਈਆਂ ਅਤੇ ਸਾਰੀਆਂ ਜਨਤਕ ਜਮਹੂਰੀ ਜਥੇਬੰਦੀਆਂ ਨੂੰ ਸਾਂਝੇ ਵਫ਼ਦ ਰਾਹੀਂ ਮੰਗ ਪੱਤਰ ਸੌਂਪਣ ਅਤੇ ਇਸ ਸੰਘੀ ਗੁੰਡਾਗਰਦੀ ਖ਼ਿਲਾਫ਼ ਜਨਤਕ ਤੌਰ ‘ਤੇ ਆਵਾਜ਼ ਉਠਾਉਣ ਲਈ ਅਪੀਲ ਕੀਤੀ ਹੈ।

ਸਭਾ ਨੇ ਸਪਸ਼ਟ ਕਿਹਾ ਹੈ ਕਿ ਜਮਹੂਰੀ ਅਵਾਜ਼ਾਂ ਨੂੰ ਦਬਾਉਣ ਦੀ ਹਰ ਕੋਸ਼ਿਸ਼ ਦਾ ਮੁਕਾਬਲਾ ਕੀਤਾ ਜਾਵੇਗਾ ਅਤੇ ਅਮਨਦੀਪ ਕੌਰ ਵਰਗੇ ਹਿੰਮਤੀ ਆਵਾਜ਼ਾਂ ਦੇ ਨਾਲ ਪੂਰੇ ਤੌਰ ‘ਤੇ ਖ਼ੜ੍ਹੇ ਹਨ।










