ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, ਅੱਜ
ਭੱਠਾ ਮਜ਼ਦੂਰ ਯੂਨੀਅਨ (ਏਕਟੂ) ਵੱਲੋਂ ਅੱਜ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿੱਚ ਰੈਲੀ ਅਤੇ ਮੁਜ਼ਾਹਰਾ ਕਰਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। ਯੂਨੀਅਨ ਦੇ ਜ਼ਿਲਾ ਪ੍ਰਧਾਨ ਪ੍ਰੇਮ ਮਸੀਹ ਸੋਨਾ, ਬਚਨ ਸਿੰਘ ਬੋਪਾਰਾਏ, ਸੁਖਦੇਵ ਬਿਟਾ ਅਤੇ ਏਕਟੂ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਬਖਤਪੁਰਾ ਨੇ ਮਜ਼ਦੂਰਾਂ ਦੀਆਂ ਬੇਹਾਲ ਹਾਲਤਾਂ ਨੂੰ ਲੈ ਕੇ ਸਰਕਾਰ ਅਤੇ ਕਿਰਤ ਵਭਾਗ ‘ਤੇ ਸਖ਼ਤ ਨਾਰਾਜ਼ਗੀ ਜਤਾਈ।

ਆਗੂਆਂ ਨੇ ਦੋਸ਼ ਲਾਇਆ ਕਿ ਜ਼ਿਲ੍ਹੇ ਦੇ ਭੱਠਾ ਮਾਲਕ ਮਜ਼ਦੂਰਾਂ ਦੀ ਰਹਿਣ-ਸਹਿਣ ਸਬੰਧੀ ਹਾਲਤਾਂ ਨੂੰ ਕਿਰਤ ਕਨੂੰਨਾਂ ਅਨੁਸਾਰ ਨਹੀਂ ਬਣਾਉਂਦੇ। ਉਨ੍ਹਾਂ ਨੇ ਕਿਹਾ ਕਿ ਹਰ ਭੱਠੇ ਉੱਪਰ ਮਜ਼ਦੂਰਾਂ ਵਿੱਚੋਂ ਲਗਭਗ ਅੱਧੀ ਗਿਣਤੀ ਔਰਤ ਕਿਰਤੀਆ ਦੀ ਹੁੰਦੀ ਹੈ, ਪਰ ਬਾਥਰੂਮ ਅਤੇ ਫਲੱਸ ਘਟੀਆ ਕਿਸਮ ਦੇ ਆਰਜ਼ੀ ਬਣਾਏ ਹੋਏ ਹਨ, ਜਿਨ੍ਹਾਂ ਵਿੱਚ ਰੌਸ਼ਨੀ ਅਤੇ ਸਫ਼ਾਈ ਦਾ ਕਿਸੇ ਤਰ੍ਹਾਂ ਦਾ ਪ੍ਰਬੰਧ ਨਹੀਂ। ਰਹਾਇਸ਼ੀ ਝੋਂਪੜੀਆਂ ਤਿੰਨ ਫੁੱਟ ਉੱਚੀਆਂ ਕੱਚੀਆਂ ਇੱਟਾਂ ਨਾਲ ਬਣਾਈਆਂ ਜਾਂਦੀਆਂ ਹਨ, ਜੋ ਕਿਸੇ ਵੀ ਤਰੀਕੇ ਨਾਲ ਰਹਿਣ-ਜੋਗ ਨਹੀਂ।
ਯੂਨੀਅਨ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਡਿਪਟੀ ਡਾਇਰੈਕਟਰ ਫੈਕਟਰੀਜ਼ ਗੁਰਦਾਸਪੁਰ ਅਤੇ ਹੋਰ ਕਿਰਤ ਅਧਿਕਾਰੀ ਕਦੇ ਵੀ ਆਪਣੀ ਡਿਊਟੀ ਮੁਤਾਬਕ ਭੱਠਿਆਂ ਦਾ ਨਿਰੀਖਣ ਕਰਨ ਨਹੀਂ ਗਏ ਅਤੇ ਨਾ ਹੀ ਕਿਸੇ ਸਰਕਾਰ ਨੇ ਕਦੇ ਭੱਠਾ ਮਜ਼ਦੂਰਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦਿੱਤਾ।

ਆਗੂਆਂ ਨੇ ਇਹ ਵੀ ਕਿਹਾ ਕਿ ਭੱਠਾ ਮਾਲਕ ਭਾਰੀ ਮੁਨਾਫ਼ਾ ਕਮਾ ਰਹੇ ਹਨ, ਪਰ ਮਜ਼ਦੂਰਾਂ ਦੀਆਂ ਬਹੁਤ ਸਾਰੀਆਂ ਕੈਟਾਗਰੀਆਂ ਨੂੰ ਸਰਕਾਰ ਵੱਲੋਂ ਨਿਰਧਾਰਿਤ ਘੱਟੋ-ਘੱਟ ਮਜ਼ਦੂਰੀ ਤੱਕ ਨਹੀਂ ਮਿਲਦੀ।
ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਨੂੰ ਦਿੱਤੇ ਮੰਗ ਪੱਤਰ ਵਿੱਚ ਮੰਗ ਕੀਤੀ ਗਈ ਕਿ ਗੁਰਦਾਸਪੁਰ ਦੇ ਕਿਰਤ ਦਫ਼ਤਰ ਵਿਚ ਸਹਾਇਕ ਕਿਰਤ ਕਮਿਸ਼ਨਰ ਦੀ ਡਿਊਟੀ ਜਾਰੀ ਰੱਖੀ ਜਾਵੇ, ਭੱਠਾ ਮਜ਼ਦੂਰਾਂ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ, ਕੰਮ ਵਾਲੀਆਂ ਥਾਵਾਂ ‘ਤੇ ਬਾਥਰੂਮ, ਫਲੱਸ, ਸਾਫ਼ ਪਾਣੀ ਅਤੇ ਯੋਗ ਰਹਾਇਸ਼ਾ ਦੀ ਸੁਵਿਧਾ ਮੁਹੱਈਆ ਕਰਾਈ ਜਾਵੇ, ਪੰਜਾਬ ਸਰਕਾਰ ਇੱਕ ਸਤੰਬਰ ਤੋਂ ਬਕਾਇਆ ਘੱਟੋ-ਘੱਟ ਉਜਰਤਾ ਵਾਧੇ ਦਾ ਨੋਟੀਫਿਕੇਸ਼ਨ ਤੁਰੰਤ ਜਾਰੀ ਕਰੇ।

ਇਸ ਮੌਕੇ ਕੁਲਦੀਪ ਰਾਜੂ, ਪਿੰਟਾ ਤਲਵੰਡੀ ਭਰਥ ਅਤੇ ਜੋਗਿੰਦਰ ਪਾਲ ਲੇਹਲ ਸਮੇਤ ਕਈ ਹੋਰ ਮਜ਼ਦੂਰ ਵੀ ਹਾਜ਼ਰ ਸਨ।










