ਦੋਰਾਂਗਲਾ ਪੁਲੀਸ ਸਟੇਸ਼ਨ ਦਾ ਇਲਾਕਾ ਦਹਿਲਿਆ, 7 ਨੰਬਰ ਸਕੀਮ ਦੇ ਸਰਕਾਰੀ ਕੁਆਰਟਰਾਂ ‘ਚ ਪੁਲੀਸ ਘੇਰਾਬੰਦੀ ਦੌਰਾਨ ਖੁਦ ‘ਤੇ ਚਲਾ ਲਈ ਗੋਲੀ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 19 ਨਵੰਬਰ
ਗੁਰਦਾਸਪੁਰ ਜ਼ਿਲ੍ਹੇ ਵਿੱਚ ਘਰੇਲੂ ਕਲੇਸ਼ ਨੇ ਇੱਕ ਦਿਲ ਦਹਿਲਾਉਣ ਵਾਲੀ ਤ੍ਰਾਸਦੀ ਨੂੰ ਜਨਮ ਦਿੱਤਾ ਹੈ। ਕੇਂਦਰੀ ਜੇਲ੍ਹ ਗੁਰਦਾਸਪੁਰ ਵਿੱਚ ਨਿੱਜੀ ਗਾਰਡ ਵਜੋਂ ਤਾਇਨਾਤ ਇੱਕ ਸਾਬਕਾ ਫੌਜੀ ਨੇ ਕੱਲ੍ਹ ਰਾਤ ਆਪਣੀ ਡਿਊਟੀ ਵਾਲੀ ਏਕੇ-47 ਰਾਈਫਲ ਨਾਲ ਪਤਨੀ ਅਤੇ ਸੱਸ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਪੁਲੀਸ ਦੇ ਘੇਰੇ ‘ਚ ਫਸਣ ‘ਤੇ ਉਸ ਨੇ ਖ਼ੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਸਾਬਕਾ ਸੈਨਿਕ ਅਤੇ ਮੌਜੂਦਾ ਨਿੱਜੀ ਗਾਰਡ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਰਾਤ ਤਿੰਨ ਵਜੇ ਉਹ ਆਪਣੀ ਸਰਕਾਰੀ ਏਕੇ-47 ਰਾਈਫਲ ਲੈ ਕੇ ਪਿੰਡ ਗੁੱਥੀ ਸਥਿਤ ਆਪਣੇ ਘਰ ਪਹੁੰਚਿਆ ਅਤੇ ਘਰੇਲੂ ਕਲੇਸ਼ ਦੇ ਚਲਦਿਆਂ ਉਸ ਨੇ ਆਪਣੀ ਪਤਨੀ ਅਕਵਿੰਦਰ ਕੌਰ ਅਤੇ ਸੱਸ ਗੁਰਜੀਤ ਕੌਰ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਦੋਵੇਂ ਔਰਤਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕ ਅਕਵਿੰਦਰ ਕੌਰ ਦੀ ਭੈਣ ਪਰਮਿੰਦਰ ਕੌਰ ਨੇ ਦੱਸਿਆ ਕਿ ਵਿਆਹ (2016) ਤੋਂ ਬਾਅਦ ਦੋਵਾਂ ਵਿਚਕਾਰ ਅਕਸਰ ਤਣਾਅ ਰਹਿੰਦਾ ਸੀ ਅਤੇ ਮਾਮਲਾ ਅਦਾਲਤ ਤੱਕ ਵੀ ਪਹੁੰਚਿਆ ਹੋਇਆ ਸੀ। ਉਸ ਨੇ ਗੁਰਪ੍ਰੀਤ ਨੂੰ ਮਾਨਸਿਕ ਤੌਰ ‘ਤੇ ਗੁੱਸੇਲ ਅਤੇ ਸਾਇਕੋ ਸੁਭਾਵ ਦਾ ਦੱਸਿਆ।
ਵਾਰਦਾਤ ਤੋਂ ਬਾਅਦ ਗੁਰਪ੍ਰੀਤ ਸਿੰਘ ਘਟਨਾ ਸਥਾਨ ਤੋਂ ਭੱਜ ਕੇ ਗੁਰਦਾਸਪੁਰ ਦੀ 7 ਨੰਬਰ ਸਕੀਮ ਦੇ ਸਰਕਾਰੀ ਕੁਆਰਟਰਾਂ ਵਿੱਚ ਜਾ ਲੁਕਿਆ। ਪੁਲੀਸ ਨੂੰ ਸੂਚਨਾ ਮਿਲਣ ‘ਤੇ ਐਸ.ਐਸ.ਪੀ. ਆਦਿਤਿਆ ਦੀ ਅਗਵਾਈ ਵਿੱਚ ਐਸ.ਐਸ.ਜੀ., ਐਸ.ਓ.ਜੀ. ਅਤੇ ਸਥਾਨਕ ਪੁਲੀਸ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ।
ਸੀਨੀਅਰ ਅਧਿਕਾਰੀਆਂ ਨੇ ਗੁਰਪ੍ਰੀਤ ਨੂੰ ਇੱਕ ਘੰਟੇ ਤੱਕ ਆਤਮਸਮਰਪਣ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਆਪਣੇ ਫੈਸਲੇ ‘ਤੇ ਅਡੋਲ ਰਿਹਾ। ਆਖ਼ਿਰਕਾਰ ਉਸ ਨੇ ਆਪਣੀ ਏਕੇ-47 ਨਾਲ ਖ਼ੁਦ ਨੂੰ ਗੋਲੀ ਮਾਰ ਲਈ। ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ।

ਪੁਲੀਸ ਨੇ ਮੌਕੇ ਤੋਂ ਤਿੰਨਾਂ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਇਸ ਦਿਲ ਹਿਲਾ ਦੇਣ ਵਾਲੇ ਤਿਹਰੇ ਮੌਤ ਮਾਮਲੇ ਦੀ ਵਿਸਤ੍ਰਿਤ ਜਾਂਚ ਜਾਰੀ ਹੈ। ਇਸ ਤ੍ਰਾਸਦੀ ਨੇ ਪੂਰੇ ਇਲਾਕੇ ਨੂੰ ਸੋਗ ਵਿੱਚ ਡੁੱਬਾ ਦਿੱਤਾ ਹੈ ਅਤੇ ਘਰੇਲੂ ਕਲੇਸ਼ ਕਿਵੇਂ ਜਾਨਲੇਵਾ ਰੂਪ ਧਾਰ ਸਕਦਾ ਹੈ, ਇਸ ਨੇ ਇਕ ਵਾਰੀ ਫਿਰ ਸਮਾਜ ਨੂੰ ਸੋਚਣ ਲਈ ਮਜਬੂਰ ਕੀਤਾ ਹੈ।










