ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 14 ਨਵੰਬਰ
ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਨੂੰ ਗੁਣਵੱਤਾ ਪੂਰਕ ਸਿੱਖਿਆ ਲਈ ਵਿਦੇਸ਼ੀ ਟਰੇਨਿੰਗ ਦੇ ਮੌਕੇ ਦਿੱਤੇ ਜਾ ਰਹੇ ਹਨ। ਇਸ ਕੜੀ ਵਿੱਚ ਤੀਸਰੇ ਬੈਚ ਲਈ ਫ਼ਿੰਨਲੈਂਡ ਟਰੇਨਿੰਗ ਦੇ ਚੁਣੇ ਗਏ ਅਧਿਆਪਕਾਂ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਦੋਰਾਂਗਲਾ ਦੇ ਸੈਂਟਰ ਹੈੱਡ ਟੀਚਰ ਸੋਨੂ ਕੁਮਾਰ ਦਾ ਨਾਮ ਵੀ ਸ਼ਾਮਲ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਨਰੇਸ਼ ਪਨਿਆੜ ਨੇ ਰੋਜ਼ਾਨਾ ਖ਼ਬਰ ਨੂੰ ਦੱਸਿਆ ਕਿ ਸੋਨੂ ਕੁਮਾਰ ਇੱਕ ਪ੍ਰਤਿਭਾਸ਼ਾਲੀ ਅਤੇ ਸਮਰਪਿਤ ਅਧਿਆਪਕ ਹੈ, ਜੋ ਤਿੰਨ ਵਿਸ਼ਿਆਂ ਵਿੱਚ ਐਮ.ਏ., ਐਮ.ਫਿਲ ਅਤੇ ਐਮ.ਐਡ ਕਰ ਚੁੱਕਾ ਹੈ ਅਤੇ ਯੂ.ਜੀ.ਸੀ. ਨੈੱਟ ਵੀ ਪਾਸ ਕਰ ਚੁੱਕਿਆ ਹੈ। ਉਸ ਦੀ ਸਿੱਖਿਆ ਅਤੇ ਸਮਰਪਣ ਨੂੰ ਧਿਆਨ ਵਿੱਚ ਰੱਖਦਿਆਂ ਉਸ ਦੀ ਚੋਣ ਕੀਤੀ ਗਈ ਹੈ।
ਸੋਨੂ ਕੁਮਾਰ ਨੇ ਦੱਸਿਆ ਕਿ ਉਹ 17 ਨਵੰਬਰ ਤੋਂ 28 ਨਵੰਬਰ ਤੱਕ ਫ਼ਿੰਨਲੈਂਡ ਵਿੱਚ ਟਰੇਨਿੰਗ ਕਰੇਗਾ ਅਤੇ ਵਾਪਸ ਆਉਣ ਉਪਰੰਤ ਆਪਣੇ ਸੈਂਟਰ ਅਤੇ ਬਲਾਕ ਦੇ ਸਾਰੇ ਅਧਿਆਪਕਾਂ ਨੂੰ ਨਵੀਂ ਸਿੱਖਣ ਵਿਧੀਆਂ ਬਾਰੇ ਖੁਦ ਟਰੇਨਿੰਗ ਦੇਵੇਗਾ।
ਫ਼ਿੰਨਲੈਂਡ ਰਵਾਨਗੀ ਤੋਂ ਪਹਿਲਾਂ ਅੱਜ ਸਕੂਲ ਵਲੋਂ ਉਸਦੇ ਸਨਮਾਨ ਵਿੱਚ ਇੱਕ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਟਾਫ਼ ਮੈਂਬਰਾਂ ਨੇ ਉਸਨੂੰ ਉਜਲੇ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਰਮਨ ਕੁਮਾਰ ਚੌਧਰੀ, ਸਰਬਜੀਤ ਕੌਰ, ਸੰਤੋਸ਼ ਮਹਿਰਾ, ਹੀਰਾ ਲਾਲ, ਅਰਚਨਾ ਆਦਿ ਹਾਜ਼ਰ ਸਨ।











