ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਬੱਚਿਆਂ ਨਾਲ ਸਮਾਂ ਬਿਤਾ ਕੇ ਮਨਾਇਆ ਖ਼ਾਸ ਦਿਨ
ਰਿਪੋਰਟ: ਜਤਿੰਦਰ ਬੈਂਸ, ਮੁੱਖ ਸੰਪਾਦਕ (ਰੋਜ਼ਾਨਾ ਖ਼ਬਰ)
ਗੁਰਦਾਸਪੁਰ, 14 ਨਵੰਬਰ
ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਬਾਲ ਮੇਲਾ/ਚਿਲਡਰਨ ਡੇ ਨੂੰ ਬਹੁਤ ਹੀ ਰੌਣਕ ਮਈ ਅਤੇ ਉਤਸ਼ਾਹਪੂਰਣ ਢੰਗ ਨਾਲ ਮਨਾਇਆ ਗਿਆ।

ਬੱਚਿਆਂ, ਅਧਿਆਪਕਾਂ ਅਤੇ ਮਾਪਿਆਂ ਨੇ ਮਿਲ ਕੇ ਇਸ ਦਿਨ ਨੂੰ ਯਾਦਗਾਰ ਬਣਾਇਆ। ਬਾਲ ਮੇਲੇ ਦੌਰਾਨ ਬੱਚਿਆਂ ਨੇ ਆਪਣੀਆਂ ਪ੍ਰਤਿਭਾਵਾਂ ਦੇ ਰੰਗ ਖੁਲ੍ਹ ਕੇ ਵਿਖਾਏ। ਬੱਚਿਆਂ ਵੱਲੋਂ ਕਵਿਤਾਵਾਂ, ਗਿੱਧਾ, ਭੰਗੜਾ, ਨਾਟਕ, ਭਾਸ਼ਣ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਰਾਹੀਂ ਮਨ ਮੋਹ ਲਿਆ।

ਕਈ ਸਕੂਲਾਂ ਵਿੱਚ ਆਰਟ ਐਂਡ ਕਰਾਫਟ ਸਟਾਲ, ਸਾਇੰਸ ਮਾਡਲ, ਪੇਂਟਿੰਗ, ਖੇਡ ਅਤੇ ਮਨੋਰੰਜਕ ਗਤੀਵਿਧੀਆਂ ਨੇ ਵੀ ਮਾਹੌਲ ਵਿੱਚ ਖ਼ਾਸ ਚਮਕ ਪਾਈ।
ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਤੇ ਸੈਕੰਡਰੀ) ਸ਼੍ਰੀਮਤੀ ਪਰਮਜੀਤ ਨੇ ਸਰਕਾਰੀ ਪ੍ਰਾਇਮਰੀ ਸਕੂਲ ਬਾਜੇਚੱਕ ਦਾ ਦੌਰਾ ਕਰਕੇ ਬਾਲ ਮੇਲੇ ਦਾ ਆਨੰਦ ਲਿਆ। ਉਨ੍ਹਾਂ ਨੇ ਬੱਚਿਆਂ ਵੱਲੋਂ ਪੇਸ਼ ਕੀਤੀਆਂ ਗਤੀਵਿਧੀਆਂ ਦੀ ਬਹੁਤ ਸਰਾਹਨਾ ਕੀਤੀ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ “ਚਿਲਡਰਨ ਡੇ ਬੱਚਿਆਂ ਨੂੰ ਸਮਰਪਿਤ ਦਿਨ ਹੈ। ਇਹ ਦਿਨ ਬੱਚਿਆਂ ਵਿੱਚ ਖੁਦ ‘ਤੇ ਭਰੋਸਾ ਵਧਾਉਣ, ਉਨ੍ਹਾਂ ਦੀਆਂ ਸਲਾਹਤਾਂ ਨੂੰ ਉਭਾਰਨ ਅਤੇ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ।”

ਸ਼੍ਰੀਮਤੀ ਪਰਮਜੀਤ ਕੌਰ ਨੇ ਦੱਸਿਆ ਕਿ ਚਿਲਡਰਨ ਡੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਮੌਕੇ ਮਨਾਇਆ ਜਾਂਦਾ ਹੈ, ਜਿਨ੍ਹਾਂ ਨੂੰ ਬੱਚਿਆਂ ਨਾਲ ਖ਼ਾਸ ਪਿਆਰ ਸੀ।

ਬਾਲ ਮੇਲੇ ਵਿੱਚ ਮਾਪਿਆਂ, ਪਿੰਡ ਵਾਸੀਆਂ ਅਤੇ ਐਸਐਮਸੀ ਮੈਂਬਰਾਂ ਨੇ ਵੀ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਾਈ। ਮਾਪੇ ਬੱਚਿਆਂ ਦੀਆਂ ਪੇਸ਼ਕਾਰੀਆਂ ਨੂੰ ਦੇਖ ਕੇ ਮਾਣ ਮਹਿਸੂਸ ਕਰ ਰਹੇ ਸਨ ਅਤੇ ਅਧਿਆਪਕਾਂ ਦੀ ਸ਼ਲਾਘਾ ਕਰ ਰਹੇ ਸਨ ਕਿ ਉਹ ਬੱਚਿਆਂ ਦੇ ਸਮੁੱਚੇ ਵਿਕਾਸ ਲਈ ਐਹੋ ਜਿਹੇ ਮੰਚ ਮੁਹੱਈਆ ਕਰਵਾ ਰਹੇ ਹਨ।

ਸਕੂਲਾਂ ਵਿੱਚ ਬੱਚਿਆਂ ਨੂੰ ਇਹ ਵੀ ਦੱਸਿਆ ਗਿਆ ਕਿ ਇਹ ਦਿਨ ਬੱਚਿਆਂ ਦੇ ਅਧਿਕਾਰਾਂ, ਸੁਰੱਖਿਆ ਅਤੇ ਸੁਪਨਿਆਂ ਨੂੰ ਸਮਰਪਿਤ ਹੈ। ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਦੀ ਪਰਵਰਿਸ਼ ਸਭ ਤੋਂ ਮਹੱਤਵਪੂਰਨ ਹੈ। ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਬੌਧਿਕ, ਸਮਾਜਿਕ ਅਤੇ ਭਾਵਨਾਤਮਕ ਵਿਕਾਸ ਵਿੱਚ ਮਦਦ ਕਰਦੀਆਂ ਹਨ। ਕਈ ਸਕੂਲਾਂ ਵਿੱਚ ਪੇਂਟਿੰਗ ਮੁਕਾਬਲੇ, ਕੁਇਜ਼, ਕਹਾਣੀ ਸੈਸ਼ਨ, ਖੇਡ ਮੁਕਾਬਲੇ ਅਤੇ ਹੋਰ ਸਿੱਖਿਆ-ਮਨੋਰੰਜਕ ਗਤੀਵਿਧੀਆਂ ਵੀ ਕਰਵਾਈਆਂ ਗਈਆਂ।

ਗੁਰਦਾਸਪੁਰ ਦੇ ਸਰਕਾਰੀ ਸਕੂਲਾਂ ਵਿੱਚ ਚਿਲਡਰਨ ਡੇ ਮੌਕੇ ਲੱਗੇ ਇਹ ਬਾਲ ਮੇਲੇ ਬੱਚਿਆਂ ਦੀ ਸਿਰਜਣਾਤਮਕਤਾ, ਖੁਸ਼ੀ ਅਤੇ ਉਤਸ਼ਾਹ ਦੇ ਸੁੰਦਰ ਪ੍ਰਤੀਕ ਰਹੇ। ਇਹ ਮੇਲੇ ਨਾ ਸਿਰਫ਼ ਬੱਚਿਆਂ ਨੂੰ ਮਨੋਰੰਜਨ ਮੁਹੱਈਆ ਕਰਦੇ ਹਨ, ਬਲਕਿ ਉਨ੍ਹਾਂ ਨੂੰ ਆਪਣੀਆਂ ਛੁਪੀਆਂ ਪ੍ਰਤਭਾਵਾਂ ਨੂੰ ਪਰਗਟ ਕਰਨ ਦਾ ਮੰਚ ਵੀ ਦਿੰਦੇ ਹਨ।











