ਗੈਂਗਸਟਰ ਅੰਮ੍ਰਿਤ ਦਾਲਮ ਨੇ ਦੋਵਾਂ ਮੁਲਜ਼ਮਾਂ ਨੂੰ ਮਿੱਥ ਕੇ ਕਤਲ ਕਰਨ ਦਾ ਸੌਂਪਿਆ ਸੀ ਕੰਮ : ਡੀਜੀਪੀ ਗੌਰਵ ਯਾਦਵ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਬਟਾਲਾ/ਗੁਰਦਾਸਪੁਰ, 13 ਨਵੰਬਰ
ਬਟਾਲਾ ਪੁਲੀਸ ਨੇ ਜੱਗੂ ਭਗਵਾਨਪੁਰੀਆ ਗਿਰੋਹ ਨਾਲ ਸਬੰਧਤ ਵਿਦੇਸ਼ੀ ਗੈਂਗਸਟਰ ਅੰਮ੍ਰਿਤ ਦਾਲਮ ਦੇ ਮੁੱਖ ਕਾਰਕੁੰਨਾਂ ਨੂੰ ਦੋ ਵਿਦੇਸ਼ੀ .30 ਕੈਲੀਬਰ ਪਿਸਤੌਲਾਂ ਅਤੇ ਜਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਵੀਰਵਾਰ ਨੂੰ ਸਾਂਝੀ ਕੀਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬਟਾਲਾ ਦੇ ਸਤਕੋਹਾ ਦੇ ਰਹਿਣ ਵਾਲੇ ਵਿਜੇ ਮਸੀਹ ਅਤੇ ਬਟਾਲਾ ਦੇ ਨਾਹਰਪੁਰ ਖੱਦਰ ਦੇ ਰਹਿਣ ਵਾਲੇ ਮਲਕੀਤ ਸਿੰਘ ਵਜੋਂ ਹੋਈ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵਾਂ ਮੁਲਜ਼ਮਾਂ ਨੂੰ ਗੈਂਗਸਟਰ ਅੰਮ੍ਰਿਤ ਦਾਲਮ ਵੱਲੋਂ ਟਾਰਗੇਟ ਕਿਲਿੰਗ ਕਰਨ ਦਾ ਕੰਮ ਸੌਂਪਿਆ ਸੀ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਮੁਲਜ਼ਮਾਂ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਨ੍ਹਾਂ ਵਿਰੁੱਧ ਇਰਾਦਾ ਕਤਲ , ਐਨਡੀਪੀਐਸ ਐਕਟ ਅਤੇ ਅਸਲਾ ਐਕਟ ਦੇ ਮਾਮਲੇ ਦਰਜ਼ ਹਨ।
ਡੀਜੀਪੀ ਨੇ ਕਿਹਾ ਕਿ ਮੁਲਜ਼ਮ ਮਲਕੀਤ ਸਿੰਘ ਅਗਸਤ 2025 ਵਿੱਚ ਕਲਾਨੌਰ ਬੱਸ ਸਟੈਂਡ `ਤੇ ਵਿਰੋਧੀ ਗੈਂਗ ਦੇ ਮੈਂਬਰਾਂ ਨਾਲ ਹੋਈ ਗੋਲੀਬਾਰੀ ਦੀ ਵਾਰਦਾਤ ਵਿੱਚ ਵੀ ਸ਼ਾਮਲ ਸੀ ਅਤੇ ਉਦੋਂ ਤੋਂ ਫਰਾਰ ਸੀ। ਉਨ੍ਹਾਂ ਕਿਹਾ ਕਿ ਪੂਰੇ ਨੈੱਟਵਰਕ ਅਤੇ ਇਸ ਦੇ ਅੱਗਲੇ-ਪਿਛਲੇ ਸਬੰਧ ਸਥਾਪਿਤ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।
ਡਿਪਟੀ ਇੰਸਪੈਕਟਰ ਜਨਰਲ ਆਫ਼ ਪੁਲਿਸ (ਡੀਆਈਜੀ) ਬਾਰਡਰ ਰੇਂਜ ਸੰਦੀਪ ਗੋਇਲ ਨੇ ਦੱਸਿਆ ਕਿ ਕਾਰਵਾਈ ਦੌਰਾਨ ਮੁਲਜ਼ਮ ਮਲਕੀਤ ਸਿੰਘ ਨੇ ਪੁਲੀਸ ਹਿਰਾਸਤ ਵਿੱਚੋਂ ਭੱਜਣ ਦੀ ਕੋਸਿ਼ਸ਼ ਕਰਦਿਆਂ ਪੁਲੀਸ ਪਾਰਟੀ `ਤੇ ਗੋਲੀਬਾਰੀ ਕੀਤੀ। ਉਨ੍ਹਾਂ ਕਿਹਾ ਕਿ ਸੰਖੇਪ ਗੋਲੀਬਾਰੀ ਤੋਂ ਬਾਅਦ ਉਹ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ, ਜਦੋਂ ਕਿ ਮੁਲਜ਼ਮ ਨੂੰ ਗੋਲੀ ਲੱਗੀ ਹੈ ਅਤੇ ਉਹ ਸਥਾਨਕ ਹਸਪਤਾਲ ਵਿੱਚ ਇਲਾਜ ਅਧੀਨ ਹੈ।
ਅਪ੍ਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦੇ ਹੋਏ ਸੀਨੀਅਰ ਸੁਪਰਡੈਂਟ ਆਫ਼ ਪੁਲੀਸ (ਐਸਐਸਪੀ) ਬਟਾਲਾ ਸੁਹੈਲ ਕਾਸਿਮ ਮੀਰ ਨੇ ਕਿਹਾ ਕਿ ਭਰੋਸੇਯੋਗ ਇਤਲਾਹ `ਤੇ ਕਾਰਵਾਈ ਕਰਦਿਆਂ ਪੁਲੀਸ ਟੀਮ ਨੇ ਵਿਜੇ ਮਸੀਹ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਸ ਦੇ ਕਬਜ਼ੇ ਵਿੱਚੋਂ ਤਿੰਨ ਜਿੰਦਾ ਕਾਰਤੂਸ ਸਮੇਤ ਵਿਦੇਸ਼ੀ .30 ਬੋਰ ਪਿਸਤੌਲ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਜੇ ਮਸੀਹ ਦੁਆਰਾ ਕੀਤੇ ਗਏ ਖੁਲਾਸਿਆਂ ਦੇ ਆਧਾਰ `ਤੇ ਪੁਲੀਸ ਨੇ ਉਸਦੇ ਸਾਥੀ ਮਲਕੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਇੱਕ ਖ਼ਤਰਨਾਕ ਅਪਰਾਧੀ ਹੈ ਅਤੇ ਗੈਂਗਸਟਰ ਅੰਮ੍ਰਿਤ ਦਾਲਮ ਅਤੇ ਜੱਗੂ ਭਗਵਾਨਪੁਰੀਆ ਨੈੱਟਵਰਕ ਨਾਲ ਨੇੜਿਓਂ ਜੁੜਿਆ ਹੋਇਆ ਹੈ।

ਇਸ ਸਬੰਧ ਵਿੱਚਦੋ ਵੱਖ-ਵੱਖ ਕੇਸ ਅਸਲਾ ਐਕਟ ਦੀ ਧਾਰਾ 25 ਅਤੇ ਬੀਐਨਐਸ ਦੀਆਂ ਧਾਰਾਵਾਂ 109, 221 ਅਤੇ 132 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਬਟਾਲਾ ਦੇ ਪੁਲੀਸ ਸਟੇਸ਼ਨ ਸੇਖਵਾਂ ਵਿਖੇ ਦਰਜ਼ ਕੀਤੇ ਹਨ।










