ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 13 ਨਵੰਬਰ
ਬਾਰਡਰ ਸਿਕਿਉਰਟੀ ਫੋਰਸ (ਬੀ.ਐਸ.ਐਫ.) ਦੇ 60ਵੇਂ ਸਥਾਪਨਾ ਦਿਵਸ ਦੇ ਉਪਲੱਖ ਵਿੱਚ ਅੱਜ 58ਵੀਂ ਬਟਾਲੀਅਨ ਬੀ.ਐਸ.ਐਫ. ਵੱਲੋਂ ਸ਼੍ਰੀ ਜਸਵਿੰਦਰ ਕੁਮਾਰ ਬਿਰਦੀ ਉਪ ਮਹਾਨਿਰੀਕਸ਼ਕ (ਡੀ.ਆਈ.ਜੀ.) ਬੀ.ਐਸ.ਐਫ. ਸ਼ਾਖਾ ਗੁਰਦਾਸਪੁਰ ਦੀ ਅਗਵਾਈ ਹੇਠ ਐੱਸ.ਐੱਸ.ਐਮ. ਕਾਲਜ ਦੀਨਾਨਗਰ ਵਿਖੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ।

ਪ੍ਰੋਗਰਾਮ ਦਾ ਮੁੱਖ ਉਦੇਸ਼ ਨਾਗਰਿਕਾਂ ਵਿੱਚ ਰਾਸ਼ਟਰੀ ਏਕਤਾ ਬਾਰੇ ਜਾਗਰੂਕਤਾ ਫੈਲਾਉਣਾ, ਰਾਸ਼ਟਰੀ ਸੁਰੱਖਿਆ ਵਿੱਚ ਬੀ.ਐਸ.ਐਫ. ਦੇ ਸ਼ਾਨਦਾਰ ਯੋਗਦਾਨ ਨੂੰ ਉਜਾਗਰ ਕਰਨਾ ਅਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਨੂੰ ਪ੍ਰੋਤਸਾਹਿਤ ਕਰਨਾ ਸੀ। ਇਸੇ ਤਰ੍ਹਾਂ ਪ੍ਰੋਗਰਾਮ ਦਾ ਉਦੇਸ਼ ਦੇਸ਼ ਭਗਤੀ ਦੀ ਭਾਵਨਾ ਜਗਾਉਣਾ, ਏਕਤਾ, ਭਾਈਚਾਰਾ ਅਤੇ ਰਾਸ਼ਟਰ ਪ੍ਰੇਮ ਦਾ ਸੁਨੇਹਾ ਦੇਣਾ ਵੀ ਰਿਹਾ।
ਪ੍ਰੋਗਰਾਮ ਦੌਰਾਨ ਹਥਿਆਰ ਪ੍ਰਦਰਸ਼ਨ ਦੇ ਨਾਲ-ਨਾਲ ਵੱਖ-ਵੱਖ ਨਾਚ ਤੇ ਸੱਭਿਆਚਾਰਕ ਪੇਸ਼ਕਾਰੀਆਂ ਕਰਵਾਈਆਂ ਗਈਆਂ, ਜਿਨ੍ਹਾਂ ਰਾਹੀਂ ਵਿਦਿਆਰਥੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਤੇ ਨਸ਼ਿਆਂ ਵਿਰੁੱਧ ਜੰਗ ਲਈ ਜਾਗਰੂਕ ਕੀਤਾ ਗਿਆ।
ਲੇਫਟੀਨੈਂਟ ਕਰਨਲ ਅਮਿਤ ਦੀ ਦੇਖਰੇਖ ਹੇਠ 07ਵੀਂ ਪੰਜਾਬ ਬਟਾਲੀਅਨ ਐਨ.ਸੀ.ਸੀ. ਗੁਰਦਾਸਪੁਰ ਦੇ 150 ਐਨ.ਸੀ.ਸੀ. ਕੈਡੇਟਾਂ ਨੇ ਅਤੇ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਪ੍ਰੋਗਰਾਮ ਵਿੱਚ ਭਾਗ ਲਿਆ।
ਇਸ ਮੌਕੇ ਸ਼੍ਰੀ ਕੁਲਵੰਤ ਕੁਮਾਰ ਕਮਾਂਡੈਂਟ (ਏ.ਡੀ.ਐਮ.) ਐੱਸ.ਐੱਚ.ਕਿਊ. ਗੁਰਦਾਸਪੁਰ, ਸ਼੍ਰੀ ਦੀਪਕ ਕੁਮਾਵਤ ਕਮਾਂਡੈਂਟ (ਓਪਰੇਸ਼ਨ), ਸ਼੍ਰੀ ਸੁਖਦੇਵ ਭੂਮਿਪਾਲ ਦੂਜੇ ਇਨ ਕਮਾਂਡ 58 ਬਟਾਲੀਅਨ ਬੀ.ਐਸ.ਐਫ., ਸ਼੍ਰੀ ਆਰ.ਕੇ. ਤੁੱਲੀ ਪ੍ਰਿੰਸੀਪਲ ਐੱਸ.ਐੱਸ.ਐਮ. ਕਾਲਜ ਦੀਨਾਨਗਰ ਅਤੇ ਸ਼੍ਰੀ ਕੁੰਵਰ ਵਿਕੀ ਜ਼ਿਲ੍ਹਾ ਪ੍ਰਧਾਨ ਸ਼ਹੀਦ ਕਲਿਆਣ ਸੰਘ ਪੰਜਾਬ ਵਿਸ਼ੇਸ਼ ਤੌਰ ’ਤੇ ਮੌਜੂਦ ਸਨ।











